
Punjab News: 80 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਕਿਸ਼ਤੀ ਰਾਹੀਂ ਜਾ ਰਿਹਾ ਸੀ ਇੰਗਲੈਂਡ, 18 ਮਈ ਨੂੰ ਹੀ ਵਰਕ ਪਰਮਿਟ 'ਤੇ ਗਿਆ ਸੀ ਪੁਰਤਗਾਲ
Punjab News: ਪੰਜਾਬ ਦੀ ਧਰਤੀ ਤੋਂ ਲੱਖਾਂ ਨੌਜਵਾਨ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਂਦੇ ਹਨ ਪਰ ਬੇਗਾਨੇ ਮੁਲਕ ਵਿਚ ਕੀ ਭਾਣਾ ਵਾਪਰ ਜਾਵੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਅਜਿਹੀ ਹੀ ਮੰਦਭਾਗੀ ਖ਼ਬਰ ਫਰਾਂਸ ਤੋਂ ਸਾਹਮਣੇ ਆਈ ਹੈ, ਜਿਥੇ ਡੰਕੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ। ਨੌਜਵਾਨ 80 ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ 1 ਅਕਤੂਬਰ ਨੂੰ ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਸੀ ਕਿ ਸਮੁੰਦਰ ਵਿਚ ਅਚਾਨਕ ਕਿਸ਼ਤੀ ਪਲਟ ਗਈ ਤੇ ਉਹ ਲਾਪਤਾ ਹੋ ਗਿਆ। ਅਰਵਿੰਦਰ ਸਿੰਘ (29) ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਪਿੰਡ ਨਾਲ ਸਬੰਧਿਤ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ 18 ਮਈ ਨੂੰ ਵਰਕ ਪਰਮਿਟ 'ਤੇ ਪੁਰਤਗਾਲ ਗਿਆ ਸੀ ਅਤੇ ਉੱਥੇ ਹੀ ਰਹਿਣਾ ਸੀ।5 ਸਤੰਬਰ ਨੂੰ ਉਸ ਦੇ ਬਾਇਓਮੈਟ੍ਰਿਕਸ ਵੀ ਲਏ ਗਏ ਸਨ ਪਰ ਥੋੜੇ ਦਿਨ ਬਾਅਦ ਉਹ ਕੁਝ ਹੋਰ ਨੌਜਵਾਨਾਂ ਨੂੰ ਮਿਲਿਆ ਅਤੇ ਉਨ੍ਹਾਂ ਨੇ ਡੰਕੀ ਰਾਹੀਂ ਯੂਕੇ ਪਹੁੰਚਣ ਜਾਣ ਦੀ ਯੋਜਨਾ ਬਣਾਈ। ਪਹਿਲਾਂ, ਉਨ੍ਹਾਂ ਨੇ ਇੱਕ ਟਰੱਕ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਈ ਸੀ, ਪਰ ਟਰੱਕ ਆਪਰੇਟਰ ਨੇ ਸਖ਼ਤੀ ਕਾਰਨ ਉਨ੍ਹਾਂ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੇ ਕਿਸ਼ਤੀ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਈ। ਪ੍ਰਵਾਰ ਨੇ ਦੱਸਿਆ ਕਿ ਅਰਵਿੰਦਰ ਨੇ ਆਖ਼ਰੀ ਵਾਰ ਸਾਡੇ ਨਾਲ 29 ਸਤੰਬਰ ਨੂੰ ਗੱਲ ਕੀਤੀ ਸੀ। ਉਸ ਸਮੇਂ, ਉਸ ਨੇ ਸਾਨੂੰ ਕਿਸ਼ਤੀ ਰਾਹੀਂ ਯਾਤਰਾ ਕਰਨ ਦੀ ਆਪਣੀ ਯੋਜਨਾ ਬਾਰੇ ਕੁਝ ਨਹੀਂ ਦੱਸਿਆ ਸੀ।
ਸਾਨੂੰ 2 ਅਕਤੂਬਰ ਨੂੰ ਘਟਨਾ ਬਾਰੇ ਪਤਾ ਲੱਗਾ। ਪ੍ਰਵਾਰ ਨੇ ਦੱਸਿਆ ਕਿ ਅਰਵਿੰਦਰ ਦੇ ਦੋਸਤ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਕਿਸ਼ਤੀ 'ਤੇ ਲਗਭਗ 80 ਵਿਅਕਤੀਆਂ ਵਿੱਚੋਂ ਪੰਜ ਪੰਜਾਬੀ ਨੌਜਵਾਨ ਸਨ। ਕਿਸ਼ਤੀ ਵਿੱਚ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ, ਪਰ ਅਰਵਿੰਦਰ ਲਾਪਤਾ ਹੈ। ਹੁਣ ਤੱਕ, ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।