
ਜਿਸ ਕੌਮ ਨੂੰ ਅਬਦਾਲੀ ਤੇ ਅੰਗਰੇਜ਼ ਖ਼ਤਮ ਨਹੀਂ ਕਰ ਸਕੇ ਮੋਦੀ ਖ਼ਤਮ ਨਹੀਂ ਕਰ ਸਕਦਾ : ਸੁਖਜਿੰਦਰ ਸਿੰਘ ਰੰਧਾਵਾ
ਮੁਹਾਲੀ , 5 ਨਵੰਬਰ : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦੇ ਨਾਲ-ਨਾਲ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਕੌਮ ਅਬਦਾਲੀ ਤੇ ਅੰਗਰੇਜ਼ਾਂ ਅੱਗੇ ਨਹੀਂ ਝੁਕੀ, ਉਹ ਤੁਹਾਡੇ ਅੱਗੇ ਕਿਵੇਂ ਝੁਕ ਜਾਵੇਗੀ। ਉਨ੍ਹਾਂ ਕਿਹਾ ਜਿਸ ਕੌਮ ਨੇ ਅਫਗਾਨਿਸਤਾਨ ਤੱਕ ਮੱਲਾਂ ਮਾਰੀਆਂ ਹੋਣ ਤੇ ਦਿੱਲੀ ਦੇ ਲਾਲ ਕਿਲੇ 'ਤੇ ਵੀ ਕੇਸਰੀ ਨਿਸ਼ਾਨ ਝੁਲਾ ਦਿਤਾ ਹੋਵੇ, ਉਹ ਕੌਮ ਭਲਾਂ ਕਿਵੇਂ ਦਬ ਸਕਦੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਚਲਾ ਪ੍ਰਦੂਸ਼ਣ ਉਨ੍ਹਾਂ ਦੀਆਂ ਫੈਕਟਰੀਆਂ ਤੇ ਗੱਡੀਆਂ ਦਾ ਹੈ ਪਰ ਕੇਂਦਰ ਸਰਕਾਰ ਸਾਰਾ ਦੋਸ਼ ਪੰਜਾਬ ਦੇ ਕਿਸਾਨਾਂ 'ਤੇ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਵਰਗੇ ਕਾਨੂੰਨ ਬਣਾਉਣਾ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਏਜੰਡਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ 2022 ਦਿਸ ਰਿਹਾ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਮੌਕਾ ਰਾਜਨੀਤੀ ਕਰਨ ਦਾ ਨਹੀਂ ਸਗੋਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਬਚੇਗਾ ਤਾਂ ਹੀ ਵੋਟਾਂ ਦੀ ਗੱਲ ਹੋਵੇਗੀ। ਇਨ੍ਹਾਂ ਨੂੰ ਅੱਜ ਵੀ ਕੁਰਸੀ ਦਿਸ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਅਸੂਲਾਂ ਦੀ ਲੜਾਈ ਲੜੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ 1984 ਵੇਲੇ ਵੀ ਅਸਤੀਫਾ ਦੇ ਦਿਤਾ ਸੀ ਪਰ ਇਹ ਲੋਕ ਹਮੇਸ਼ਾ ਅਜਿਹੇ ਮੌਕੇ ਰਾਜਸੀ ਰੋਟੀਆਂ ਸੇਕਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਵੀ ਤਨਜ਼ ਕਸਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਪੰਜਾਬ ਚ ਧਰਨੇ ਲਗਾਉਣ ਦੀ ਬਜਾਏ ਦਿੱਲੀ ਵੱਲ ਰੁੱਖ ਕਰਨਾ ਚਾਹੀਦਾ ਹੈ।
ਅਕਾਲੀ ਦਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਨੂੰ ਆਪਣੇ ਹਿਤਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਬਣਾਉਣ 'ਚ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ ਹੈ। ਇੰਨਾ ਹੀ ਨਹੀਂ, ਪਹਿਲਾਂ ਇਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਉਸਤਤ ਕੀਤੀ, ਪਰ ਜਦੋਂ ਕਿਸਾਨੀ ਰੌਂਅ ਕਾਰਨ ਪਾਸਾ ਪੂਠਾ ਪੈਂਦਾ ਵੇਖਿਆ ਤਾਂ ਪਲਟੀ ਮਾਰ ਕੇ ਇਨ੍ਹਾਂ ਦੀ ਮੁਖਾਲਫ਼ਤ ਕਰਨ ਲੱਗ ਪਏ ਹਨ। ਇਨ੍ਹਾਂ ਨੇ ਇਹੀ ਵਤੀਰਾ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਵਕਤ ਅਪਨਾਇਆ। ਪਹਿਲਾਂ ਵਿਧਾਨ ਸਭਾ ਅੰਦਰ ਬਿੱਲਾਂ ਦਾ ਪੂਰਨ ਸਮਰਥਨ ਕੀਤਾ, ਰਾਜਪਾਲ ਤਕ ਨਾਲ ਗਏ ਪਰ ਬਾਅਦ 'ਚ ਪਲਟੀ ਮਾਰ ਗਏ।
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਿਸਾਨੀ ਨੂੰ ਹਮੇਸ਼ਾ ਨਿੱਜੀ ਹਿਤਾਂ ਲਈ ਵਰਤਿਆ ਹੈ। ਜੇਕਰ ਸਾਰੇ ਕਿਸਾਨ ਬਾਦਲਾਂ ਵਰਗੀ ਖੇਤੀ ਕਰਦੇ ਹੁੰਦੇ ਤਾਂ ਸਾਰਿਆਂ ਨੇ ਬੱਸਾਂ ਦੇ ਮਾਲਕ ਹੋਣਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਹਾਲਤ ਇਹ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਾਦimageਲਾਂ ਦੇ ਲਿਫ਼ਾਫ਼ੇ ਵਿਚੋਂ ਨਿਕਲਦਾ ਹੈ। ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਡੱਮੀ ਪ੍ਰਧਾਨ ਹੈ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਜਿੰਨਾ ਨੁਕਸਾਨ ਬਾਦਲਾਂ ਨੇ ਪਹੁੰਚਾਇਆ ਹੈ, ਉਨ੍ਹਾਂ ਹੋਰ ਕਿਸੇ ਨੇ ਨਹੀਂ ਪਹੁੰਚਾਇਆ।