
ਇੰਗਲਿਸ਼ ਪ੍ਰੀਮਿਅਰ ਲੀਗ 'ਚ ਸਹਾਇਕ ਰੈਫ਼ਰੀ ਦੀ ਭੂਮਿਕਾ ਨਿਭਾਅ ਭੁਪਿੰਦਰ ਸਿੰਘ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਮ
ਇੰਗਲੈਂਡ: ਯੂਕੇ ਦੇ ਪੰਜਾਬੀ ਪਰਿਵਾਰ ਨੇ ਅੰਗਰੇਜ਼ਾਂ ਦੀ ਲੀਗ ’ਚ ਰੈਫ਼ਰੀ ਬਣ ਕੇ ਵੱਡਾ ਨਾਮਣਾ ਖੱਟਿਆ ਹੈ। ਭੁਪਿੰਦਰ ਸਿੰਘ ਗਿੱਲ ਨੇ ਯੂਕੇ ਦੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਪਹਿਲੇ ਪੰਜਾਬੀ-ਸਿੱਖ ਸਹਾਇਕ ਰੈਫ਼ਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਭੁਪਿੰਦਰ ਸਿੰਘ ਨੂੰ ਇਹ ਚਿਣਗ ਉਨ੍ਹਾਂ ਦਾ ਪਿਤਾ ਜਰਨੈਲ ਸਿੰਘ ਤੋਂ ਹੀ ਲੱਗੀ ਹੈ।
ਦੱਸ ਦੇਈਏ ਕਿ ਭੁਪਿੰਦਰ ਸਿੰਘ ਗਿੱਲ ਰੈਫ਼ਰੀਆਂ ਦੇ ਪਰਿਵਾਰ ਵਿੱਚੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਗਿੱਲ ਦਾੜੀ ਅਤੇ ਪੱਗ ਵਾਲੇ ਪਹਿਲੇ ਸਿੱਖ ਰੈਫ਼ਰੀ ਸਨ, ਜਿੰਨਾਂ ਨੇ ਇੰਗਲਿੰਸ਼ ਲੀਗ ਵਿੱਚ ਰੈਫ਼ਰੀ ਦੀ ਸੇਵਾ ਨਿਭਾਈ ਸੀ। ਪਿਤਾ ਵਲੋਂ ਪਾਈ ਇਸ ਪਿਰਤ ਨੂੰ ਅੱਗੇ ਵਧਾਉਂਦਿਆਂ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਸਨੀ ਸਿੰਘ ਨੇ ਵੀ ਇਹ ਖੇਤਰ ਹੀ ਚੁਣਿਆ। ਸਨੀ ਸਿੰਘ ਵੀ ਈਐੱਫ਼ਐੱਲ ਵਿੱਚ ਪਹਿਲੇ ਬ੍ਰਿਟਿਸ਼ ਸਾਉਥ ਏਸ਼ੀਅਨ ਵੱਜੋਂ ਰੈਫਰੀ ਦੀ ਭੂਮਿਕਾ ਨਿਭਾ ਚੁੱਕੇ ਹਨ ਤੇ ਹੁਣ ਬੀਤੇ ਬੁੱਧਵਾਰ ਨੂੰ ਸਾਉਥੈਂਪਟਨ ਦੀਆਂ ਘਰੇਲੂ ਖੇਡਾਂ ਵਿੱਚ ਹੋਏ ਇੱਕ ਫ਼ੁੱਟਬਾਲ ਮੈਚ ਦੌਰਾਨ ਭੁਪਿੰਦਰ ਸਿੰਘ ਗਿੱਲ ਨੇ ਸਹਾਇਕ ਰੈਫ਼ਰੀ ਦੀ ਭੂਮਿਕਾ ਨਿਭਾਈ ਹੈ।
ਆਪਣੀ ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਭੁਪਿੰਦਰ ਸਿੰਘ ਗਿੱਲ ਨੇ ਕਿਹਾ, “ਸੱਚੀ ਗੱਲ ਕਹਾਂ ਤਾਂ ਇਹ ਮੇਰੇ ਲਈ ਬੜੀ ਹੀ ਖੁਸ਼ੀ ਵਾਲਾ ਪਲ ਸੀ।” ਭੁਪਿੰਦਰ ਸਿੰਘ ਗਿੱਲ ਚਾਹੁੰਦੇ ਹਨ ਕਿ ਇਸ ਖੇਡ ਵਿੱਚ ਹੋਰ ਵੀ ਬ੍ਰਿਟਿਸ਼ ਏਸ਼ੀਅਨ ਆਉਣ ਪਰ ਇਸ ਲਈ ਉਨ੍ਹਾਂ ਨੂੰ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਖਾਨਾਪੂਰਤੀ ਲਈ ਇਨ੍ਹਾਂ ਖੇਡਾਂ ਵਿੱਚ ਨਹੀਂ ਰਹਿ ਸਕਦੇ ਕਿ ਅਸੀਂ ਏਸ਼ੀਅਨ ਹਾਂ। ਸਗੋਂ ਅਸੀਂ ਇਸ ਮੁਕਾਮ 'ਤੇ ਇਸ ਲਈ ਪਹੁੰਚੇ ਹਾਂ ਕਿਉਂਕਿ ਅਸੀਂ ਸਖ਼ਤ ਮਿਹਨਤ ਕੀਤੀ ਹੈ। ਭੁਪਿੰਦਰ ਸਿੰਘ ਚਾਹੁੰਦੇ ਹਨ ਕਿ ਹੋਰ ਦੱਖਣੀ ਮੂਲ ਦੇ ਲੋਕਾਂ ਨੂੰ ਰੈਫ਼ਰੀ ਬਣਨ, ਕੋਚਿੰਗ ਕਰਨ ਅਤੇ ਫੁੱਟਬਾਲ ਦੇ ਹਰ ਖੇਤਰ ਨਾਲ ਜੁੜਨ ਕਿਉਂਕਿ ਇਸ ਨਾਲ ਹੋਰ ਵੀ ਬਹੁਤ ਸਾਰੇ ਰਸਤੇ ਖੁੱਲ੍ਹਦੇ ਹਨ। ਇੱਕ ਅੰਕੜੇ ਮੁਤਾਬਕ ਯੂਕੇ ਦੇ 15 ਹਜ਼ਾਰ ਪ੍ਰੋਫੈਸ਼ਨਲ ਖਿਡਾਰੀਆਂ ਵਿਚੋਂ ਮਹਿਜ਼ 115 ਖਿਡਾਰੀ ਹੀ ਦੱਖਣੀ ਏਸ਼ੀਆਈ ਮੂਲ ਦੇ ਹਨ।
ਦੱਸ ਦੇਈਏ ਕਿ ਭੁਪਿੰਦਰ ਸਿੰਘ ਇੱਕ ਸਕੂਲ ਅਧਿਆਪਕ ਹਨ। ਉਨ੍ਹਾਂ ਦਾ ਸੁਫਨਾ ਪ੍ਰੀਮੀਅਮ ਲੀਗ ਵਿੱਚ ਪੂਰਾ ਸਮਾਂ ਕੰਮ ਕਰਨਾ ਹੈ। ਭੁਪਿੰਦਰ ਸਿੰਘ ਗਿੱਲ ਨੇ 14 ਸਾਲ ਦੀ ਉਮਰ ਵਿੱਚ ਹੀ ਰੈਫ਼ਰੀ ਵਜੋਂ ਕੁਆਲੀਫ਼ਾਈ ਕਰ ਲਿਆ ਸੀ। ਇਸ ਬਾਰੇ ਭੁਪਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਬਹੁਤ ਕਿਸਮਤ ਵਾਲੇ ਸਨ ਕਿਉਂਕਿ ਉਨ੍ਹਾਂ ਦੇ ਪਿਤਾ ਇੰਗਲਿਸ਼ ਫ਼ੁੱਟਬਾਲ ਦੇ ਰੈਫ਼ਰੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਪਿਤਾ ਉਹੀ ਕੰਮ ਕਰ ਰਹੇ ਸਨ ਜੋ ਮੈਂ ਹੁਣ ਕਰ ਰਿਹਾ ਹਾਂ। ਇਸ ਲਈ ਮੈਂ ਇਹ ਸਭ ਬਹੁਤ ਨੇੜੇ ਤੋਂ ਮਹਿਸੂਸ ਕਰ ਸਕਦਾ ਹਾਂ।