
ਸੁਖਮੀਤ ਸਿੰਘ ਨੇ 100 ਵਲੰਟੀਅਰਜ਼ ਦੀ ਟੀਮ ਤਿਆਰ ਕੀਤੀ, ਜੋ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਕੋਵਿਡ ਸਬੰਧੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰ ਰਹੀ ਹੈ।
ਸਰੀ: ਮੈਡੀਕਲ ਵਿਦਿਆਰਥੀ ਸੁਖਮੀਤ ਸਿੰਘ ਸੱਚਲ ਨੇ ਸਰੀ, ਬੀਸੀ ਦੇ ਗੁਰਦੁਆਰਿਆਂ ਵਿਚ ਕੋਵਿਡ -19 ਸਬੰਧੀ ਸੁਰੱਖਿਆ ਪਹੁੰਚਾਉਣ ਲਈ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਹੈ। 26 ਸਾਲਾ ਸੁਖਮੀਤ ਸਿੰਘ ਸੱਚਲ ਨੇ ਦੱਸਿਆ ਕਿ ਗੁਰਦੁਆਰਿਆਂ ਵਿਚ ਆ ਰਹੀ ਸੰਗਤ ਕੋਰੋਨਾ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਲਈ ਉਹਨਾਂ ਨੂੰ ਇਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ।
Sukhmeet Singh Sachal
ਸੁਖਮੀਤ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਜ਼ਿਆਦਾਤਰ ਲੋਕ ਮਾਸਕ ਤੋਂ ਬਿਨਾਂ ਜਾਂਦੇ ਹਨ, ਜਦਕਿ ਇੱਥੇ ਜ਼ਿਆਦਾਤਰ ਗਿਣਤੀ ਬਜ਼ੁਰਗਾਂ ਦੀ ਹੁੰਦੀ ਹੈ। ਕਲਿੰਟਰ ਫਾਂਊਡੇਸ਼ਨ ਅਤੇ ਕੈਨੇਡਾ ਸਰਵਿਰ ਕੋਪਸ ਦੀ ਗ੍ਰਾਂਟ ਨਾਲ ਦੂਜੇ ਸਾਲ ਦੇ ਮੈਡੀਕਲ ਦੇ ਵਿਦਿਆਰਥੀ ਨੇ ਕੋਵਿਡ -19 ਸਿੱਖ ਗੁਰਦੁਆਰਾ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਲੋਕਾਂ ਨੂੰ ਮਾਸਕ ਵੰਡਣਾ ਅਤੇ ਜਨਤਕ ਸਿਹਤ ਸੁਰੱਖਿਆ' ਲਈ ਸੱਭਿਆਚਾਰਕ ਢੰਗ ਨਾਲ ਜਾਗਰੂਕਤਾ ਸੰਦੇਸ਼ ਦੇਣਾ ਸ਼ਾਮਲ ਸੀ।
People At Guru Nanak Sikh Gurdwara in Surrey
ਪਿਛਲੇ ਕੁਝ ਹਫਤੇ ਵਿਚ ਹੀ ਸੁਖਮੀਤ ਨੇ 100 ਵਲੰਟੀਅਰਜ਼ ਦੀ ਟੀਮ ਬਣਾਈ। ਪੀਪੀਈ ਕਿੱਟ ਪਾ ਕੇ ਇਹ ਵਲੰਟੀਅਰਜ਼ ਦਰਵਾਜ਼ੇ 'ਤੇ ਲੋਕਾਂ ਦਾ ਸਵਾਗਤ ਕਰਦੇ ਹਨ ਅਤੇ ਉਹਨਾਂ ਨੂੰ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਹੱਥ ਧੋਣ ਲਈ ਹਦਾਇਤਾਂ ਦਿੰਦੇ ਹਨ। ਇਸ ਤੋਂ ਬਾਅਦ ਜੇਕਰ ਕਿਸੇ ਨੇ ਮਾਸਕ ਨਹੀਂ ਪਹਿਨਿਆ ਹੁੰਦਾ ਤਾਂ ਉਸ ਨੂੰ ਇਕ ਵੱਖਰੀ ਥਾਂ 'ਤੇ ਲਿਜਾ ਕੇ ਮਾਸਕ ਪਹਿਨਾਇਆ ਜਾਂਦਾ ਹੈ।
Poster
ਸੁਖਮੀਤ ਨੇ ਦੱਸਿਆ ਕਿ ਦੂਜੇ ਸਾਲ ਦਾ ਵਿਦਿਆਰਥੀ ਹੋਣ ਕਰਕੇ ਉਹ ਹਸਪਤਾਲ ਵਿਚ ਜਾ ਕੇ ਕੋਵਿਡ-19 ਮਰੀਜਾਂ ਦਾ ਇਲਾਜ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਭਾਰਤ ਵਿਚ 12 ਅਕਤੂਬਰ ਨੂੰ ਉਸ ਦੇ ਚਾਚੀ ਦੀ ਕੋਰੋਨਾ ਵਾਇੜਸ ਕਾਰਨ ਮੌਤ ਹੋ ਗਈ। ਇਸ ਲਈ ਉਹ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
Women At Guru Nanak Sikh Gurdwara in Surrey
ਉਹਨਾਂ ਦੱਸਿਆ ਕਿ ਮਹਾਂਮਾਰੀ ਸਬੰਧੀ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਸੁਖਮੀਤ ਸਿੰਘ ਸੱਚਲ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮਾਸਕ ਪਾ ਕੇ ਰੱਖੋ, ਹੱਥ ਧੋਵੋਂ, ਵਿਆਹ ਆਦਿ ਸਮਾਗਮਾਂ ਵਿਚ ਸ਼ਾਮਲ ਨਾ ਹੋਵੋ। ਸੁਖਮੀਤ ਨੇ ਕਿਹਾ ਕਿ ਇਸ ਵਾਇਰਸ ਨੂੰ ਦੇਖਿਆ ਨਹੀਂ ਜਾ ਸਕਦਾ, ਇਸ ਲਈ ਸਾਵਧਾਨੀ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।