
ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ।
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਵਿਚ ਜੇਐਫਕੇ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਨੇ ਟਵੀਟ ਕੀਤਾ ਕਿ ਉਹ "ਸਿੱਖ ਕੈਬ ਡਰਾਈਵਰ 'ਤੇ ਹੋਏ ਹਮਲੇ ਤੋਂ ਪਰੇਸ਼ਾਨ ਹਨ"।
ਵਿਦੇਸ਼ ਵਿਭਾਗ ਨੇ ਲਿਖਿਆ, “ਸਾਡੀ ਵਿਭਿੰਨਤਾ ਅਮਰੀਕਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅਸੀਂ ਕਿਸੇ ਵੀ ਕਿਸਮ ਦੀ ਨਫ਼ਰਤੀ ਹਿੰਸਾ ਦੀ ਨਿੰਦਾ ਕਰਦੇ ਹਾਂ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਨਫ਼ਰਤ ਫੈਲਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਈਏ, ਭਾਵੇਂ ਅਜਿਹੇ ਅਪਰਾਧ ਕਿਤੇ ਵੀ ਹੋਏ ਹੋਣ”।
ਦੱਸ ਦੇਈਏ ਕਿ ਨਿਊਯਾਰਕ ਦੇ ਜੌਹਨ ਐਫ਼ ਕੈਨੇਡੀ (ਜੇਐਫ਼ਕੇ) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੇ ਭਾਰਤੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿੱਤਾ, ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਹ ਘਟਨਾ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਵੀਡੀਓ ਰਾਹੀਂ ਸਾਹਮਣੇ ਆਈ ਹੈ। 4 ਜਨਵਰੀ ਨੂੰ ਟਵਿੱਟਰ ’ਤੇ 26 ਸੈਕਿੰਡ ਦੀ ਵੀਡੀਓ ਅਪਲੋਡ ਕੀਤੀ ਸੀ ਜਿਸ ਵਿਚ ਇਕ ਵਿਅਕਤੀ ਏਅਰਪੋਰਟ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
US 'deeply disturbed' over attack on Sikh cab driver at New York airport
ਨਵਜੋਤ ਕੌਰ ਨੇ ਦੱਸਿਆ ਕਿ ਏਅਰਪੋਰਟ ’ਤੇ ਖੜੇ ਇਕ ਹੋਰ ਵਿਅਕਤੀ ਨੇ ਵੀਡੀਓ ਰਿਕਾਰਡ ਕੀਤੀ ਸੀ। ਇਹ ਵੀਡੀਓ ਕਿਸ ਤਰੀਕ ਦਾ ਹੈ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕਰਕੇ ਦੱਸਿਆ ਸੀ ਕਿ ''ਨਿਊਯਾਰਕ 'ਚ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਅਸੀਂ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਹਨਾਂ ਨੂੰ ਇਸ ਹਿੰਸਕ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।"