
ਪੱਗ ਬੰਨ੍ਹਣ ਵਾਲੇ ਸਿੱਖ ਮੁੰਡਿਆਂ ਨੂੰ ਕਿਹਾ ਜਾਂਦਾ ਹੈ ਅਤਿਵਾਦੀ
ਵਾਸ਼ਿੰਗਟਨ : ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮ੍ਰਿਤ ਕੌਰ ਆਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦਸਿਆ ਕਿ ਅਮਰੀਕਾ ਵਿਚ ਹਾਲ ਹੀ ਦੇ ਸਾਲਾਂ ਵਿਚ ਸਿੱਖਾਂ ਵਿਰੁਧ ਧਾਰਮਕ ਵਿਤਕਰਾ ਅਤੇ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ। ਨਾਲ ਹੀ, ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਆਕਰੇ ਨੇ ਵਿਤਕਰੇ ਅਤੇ ਨਾਗਰਿਕ ਅਧਿਕਾਰਾਂ ਬਾਰੇ ਹਾਲ ਹੀ ਵਿਚ ਕਾਂਗਰਸ ਦੀ ਸੁਣਵਾਈ ਦੌਰਾਨ ਸੰਵਿਧਾਨ, ਨਾਗਰਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਬਾਰੇ ਸਦਨ ਦੀ ਨਿਆਇਕ ਉਪ ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿਤੀ। ਆਕਰੇ ਸਿੱਖ ਵਕਾਲਤ ਸਮੂਹ ‘ਸਿੱਖ ਕੋਲੀਸ਼ਨ’ ਲਈ ਕਾਨੂੰਨੀ ਮਾਮਲਿਆਂ ਦੇ ਡਾਇਰੈਕਟਰ ਹਨ।
ਉਨ੍ਹਾਂ ਕਿਹਾ, “ਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ, ਮਨੋਰੰਜਨ, ਸਿਹਤ ਸੰਭਾਲ, ਫ਼ੌਜ ਅਤੇ ਕਾਨੂੰਨ ਲਾਗੂ ਕਰਨ ਸਮੇਤ ਜਨਤਕ ਅਤੇ ਨਿਜੀ ਖੇਤਰ ਦੀਆਂ ਨੌਕਰੀਆਂ ਵਿਚ ਸਿੱਖਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, “ਅਸੀਂ ਦੇਖਿਆ ਹੈ ਕਿ ਸਿੱਖਾਂ ਨੂੰ ਕਈ ਵਾਰ ਕੰਮ ਨਾਲ ਸਬੰਧਤ ਜਾਂਚਾਂ ਲਈ ਅਪਣੇ ਕੇਸ ਕੱਟਣ ਦਾ ਹੁਕਮ ਦਿਤਾ ਜਾਂਦਾ ਹੈ ਭਾਵੇਂ ਇਸ ਲਈ ਵਿਕਲਪ ਆਸਾਨੀ ਨਾਲ ਉਪਲਬਧ ਹੋਵੇ।’’ ਆਕਰੇ ਨੇ ਕਿਹਾ ਕਿ ਸਮੇਂ-ਸਮੇਂ ’ਤੇ ਬਹੁਤ ਸਾਰੀਆਂ ਨੀਤੀਆਂ ਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ, ਜੋ ਘੱਟ ਗਿਣਤੀ ਭਾਈਚਾਰਿਆਂ ਨੂੰ ਅਸਪਸ਼ਟ ਤੌਰ ’ਤੇ ਪ੍ਰਭਾਵਤ ਕਰਦੀਆਂ ਹਨ ਅਤੇ ਦੇਸ਼ ਦੀ ਪ੍ਰਣਾਲੀ ਅਜਿਹਾ ਹੋਣ ਦਿੰਦੀ ਹੈ।’’
ਇਸ ਦੌਰਾਨ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ, ‘‘ਪੱਗ ਬੰਨ੍ਹਣ ਵਾਲੇ ਸਿੱਖ ਮੁੰਡਿਆਂ ਨੂੰ ਅਤਿਵਾਦੀ ਕਿਹਾ ਜਾਂਦਾ ਹੈ ਅਤੇ ਲੜਕੀਆਂ ਨੂੰ ਲੰਮੇ ਵਾਲ ਰੱਖਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਜਿਹੇ ਕਈ ਬੱਚੇ ਹਿੰਸਾ ਦਾ ਸ਼ਿਕਾਰ ਵੀ ਹੁੰਦੇ ਹਨ। ਸਾਡੇ ਇਕ ਅਧਿਐਨ ਵਿਚ, ਇਹ ਦੇਖਿਆ ਗਿਆ ਹੈ ਕਿ 50 ਫ਼ੀ ਸਦੀ ਤੋਂ ਵਧ ਸਿੱਖ ਬੱਚਿਆਂ ਨੂੰ ਸਕੂਲ ਵਿਚ ਦੂਜੇ ਵਿਦਿਆਰਥੀਆਂ ਦੁਆਰਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।’’
ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ 9/11 ਦੇ ਹਮਲਿਆਂ ਨੇ ਅਮਰੀਕਾ ਵਿਚ ਮੁਸਲਮਾਨ, ਅਰਬ ਜਾਂ ਦਖਣੀ ਏਸ਼ੀਆਈ ਅਮਰੀਕੀ ਹੋਣ ਦਾ ਮਤਲਬ ਹਮੇਸ਼ਾ ਲਈ ਬਦਲ ਦਿਤਾ ਹੈ। ਉਨ੍ਹਾਂ ਕਿਹਾ ਕਿ ਉਸਨੂੰ ਉਮੀਦ ਹੈ ਕਿ ਇਸ ਸੁਣਵਾਈ ਤੋਂ ਬਾਅਦ ਕਈ ਲੋਕ 9/11 ਦੇ ਦੌਰ ਦੀਆਂ ਉਨ੍ਹਾਂ ਨੀਤੀਆਂ ਦੀ ਜਾਂਚ ਕਰਨ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਕਦਮ ਚੁੱਕਣਗੇ ਜਿਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਵਿਰੁਧ ਵਿਤਕਰੇ ਨੂੰ ਕਾਇਮ ਰਖਿਆ ਅਤੇ ਬਹੁਤ ਵਧਾ ਦਿਤਾ ਹੈ।