
ਸਿੱਖ ਇਤਿਹਾਸ ਵਿਚ ਬੀਬੀਆਂ ਦਾ ਲੜਨ, ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈ।
ਜਦੋਂ ਵੀ ਅਸੀਂ ਸਿੱਖ ਧਰਮ ਬਾਰੇ ਸੁਣਦੇ ਹਾਂ ਤਾਂ ਸਾਡੇ ਮਨਾਂ ਵਿਚ ਜੋ ਪਹਿਲੀ ਝਲਕ ਦਿਖਾਈ ਦਿੰਦੀ ਹੈ ਉਹ ਹਮੇਸ਼ਾਂ ਸਿੱਖ ਵਿਅਕਤੀ ਦੀ ਹੀ ਯਾਨੀ ਸਿੱਖ ਮਰਦ ਦੀ ਦਿਖਾਈ ਦਿੰਦੀ ਹੈ। ਸਿੱਖੀ ਪਹਿਲਾ ਅਜਿਹਾ ਧਰਮ ਹੈ ਜਿਸ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਥਾਨ ਦਿੱਤਾ ਗਿਆ ਹੈ। ਸਿੱਖ ਇਤਿਹਾਸ ਵਿਚ ਬੀਬੀਆਂ ਦਾ ਲੜਨ, ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੀਆਂ ਅਜਿਹੀਆਂ ਹੀ ਮਹਾਨ ਔਰਤਾਂ ਦੀ ਜੀਵਨੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਇਹਨਾਂ ਸਿੱਖ ਬੀਬੀਆਂ ਵਿਚ ਜੋ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ, ਉਹ ਹੈ ਮਾਤਾ ਖੀਵੀ ਜੀ ਦਾ।
Women's Day
ਮਾਤਾ ਖੀਵੀ ਜੀ (1506-1582)
ਮਾਤਾ ਖੀਵੀ ਜੀ ਨੂੰ ਲੰਗਰ ਪ੍ਰਥਾ ਦੀ ਸਿਰਜਣਹਾਰੀ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਮਾਤਾ ਖੀਵੀ ਜੀ ਨੇ ਹੀ ਲੰਗਰ ਦੀ ਸ਼ੁਰੂਆਤ ਕੀਤੀ ਸੀ। ਸੰਨ 1519 ਈ: ਵਿਚ (16 ਮੱਘਰ ਸੰਮਤ 1576) ਮਾਤਾ ਖੀਵੀ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਫੇਰੂ ਮੱਲ ਜੀ ਦੇ ਪੁੱਤਰ ਭਾਈ ਲਹਿਣਾ ਜੀ ਨਾਲ ਹੋ ਗਿਆ, ਜੋ ਬਾਅਦ ਵਿਚ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ।
Mata Khivi Ji
ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਉਹਨਾਂ ਨੇ ਲਗਭਗ 7 ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ। ਗੁਰ-ਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਾਤਾ ਖੀਵੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ। ਮਾਤਾ ਖੀਵੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ।
Khadur Sahib
ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ। ਸਿੱਖ ਧਰਮ ਵਿਚ ਸਿਰਫ ਮਾਤਾ ਖੀਵੀ ਜੀ ਹੀ ਅਜਿਹੀ ਔਰਤ ਹਨ, ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਇਆ ਹੈ। ਭਾਈ ਸੱਤਾ ਅਤੇ ਬਲਵੰਡ ਦੁਆਰਾ ਰਾਮਕਲੀ ਦੀ ਵਾਰ ਅੰਦਰ ਇੰਝ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਲਾਈ।। (ਅੰਗ 967)
Sri Guru Granth Sahib Ji
ਉਸ ਸਮੇਂ ਜਦੋਂ ਔਰਤ ਨੂੰ ਆਪਣੇ ਘਰ ਵਿਚ ਵੀ ਬਣਦੀ ਇੱਜ਼ਤ ਨਹੀਂ ਦਿੱਤੀ ਜਾਂਦੀ ਸੀ ਅਤੇ ਉਸ ਨੂੰ ਸਮਾਜ ਵਿਚ ਸਭ ਤੋਂ ਨੀਵੀਂ ਪੋੜੀ ‘ਤੇ ਰੱਖਿਆ ਜਾਂਦਾ ਸੀ, ਗੁਰੂ ਅੰਗਦ ਦੇਵ ਜੀ ਨੇ ਆਪਣੀ ਧਰਮ ਪਤਨੀ ਨੂੰ ਉਸ ਪ੍ਰਥਾ ਦੀ ਜ਼ਿੰਮੇਵਾਰੀ ਸੌਂਪੀ, ਜੋ ਆਉਣ ਵਾਲੇ ਸਮੇਂ ਵਿਚ ਸਿੱਖ ਧਰਮ ਦੀ ਪਹਿਚਾਣ ਬਣਨੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮਾਤਾ ਖੀਵੀ ਜੀ ਨੂੰ ਸੌਂਪੀ ਲੰਗਰ ਦੀ ਸੇਵਾ ਨੂੰ ਮਾਤਾ ਜੀ ਨੇ ਇੰਨੀ ਸਹਿਜਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਕਿ ਅੱਜ ਵੀ ਸਿੱਖ ਧਰਮ ਲੰਗਰ ਪ੍ਰਥਾ ਕਰਕੇ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ।
ਮਾਤਾ ਸੁੰਦਰੀ ਜੀ (1670s-1747)
1660 ਦੇ ਦਹਾਕੇ ਵਿਚ ਪੈਦਾ ਹੋਈ ਮਾਤਾ ਸੁੰਦਰੀ, ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀ। ਉਹਨਾਂ ਨੇ ਅਪਣੇ ਪਤੀ ਅਤੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਸਿੱਖ ਧਰਮ ਨੂੰ ਸੰਭਾਲਿਆ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਸ਼ਾਸਨ ਅਧੀਨ, ਸਿੱਖ ਧਰਮ 40 ਸਾਲਾਂ ਤਕ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਪ੍ਰਫੁੱਲਤ ਕਰਨ ਦੇ ਯੋਗ ਰਿਹਾ।
Sri Guru Granth Sahib ji
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਣ ਤੋ ਬਾਅਦ ਮਾਤਾ ਸੁੰਦਰੀ ਨੇ ਗੁਰੂ ਸਾਹਿਬ ਦੀਆਂ ਲਿਖਤਾ ਨੂੰ ਸੰਭਾਲਣ, ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਕਾਪੀਆਂ ਤਿਆਰ ਕਰਨ ਤੇ ਅੰਮ੍ਰਿਤਸਰ ਦੀ ਦੇਖ ਰੇਖ ਦਾ ਜ਼ਿੰਮਾਂ ਭਾਈ ਮਨੀ ਸਿੰਘ ਨੂੰ ਦੇ ਦਿਤਾ। ਦਿਲੀ ਤੋਂ ਮਾਤਾ ਸੁੰਦਰੀ ਨੇ ਸਿਖਾਂ ਦੇ ਨਾਮ ‘ਤੇ ਆਪਣੀ ਮੋਹਰ ਲਗਾ ਕੇ ਸੰਗਤਾਂ ਦੇ ਨਾਮ ਕਈ ਹੁਕਮਨਾਮੇ ਤੇ ਸੰਦੇਸ਼, 12 ਅਕਤੂਬਰ 1717 -10 ਅਗੁਸਤ 1730 ਦੇ ਵਿਚਕਾਰ ਜਾਰੀ ਕੀਤੇ ਜਿਨਾ ਵਿਚੋਂ 9 ਅਜੇ ਤਕ ਮੋਜੂਦ ਹਨ।
ਮਾਈ ਭਾਗੋ ਜੀ (1666-)
ਮਾਈ ਭਾਗੋ ਪੰਜਾਬ ਦੇ ਮੈਦਾਨ ਵਿਚ ਲੜਨ ਵਾਲੀ ਪਹਿਲੀ ਔਰਤ ਸੀ। ਮਾਈ ਭਾਗੋ ਦਾ ਜਨਮ ਪਿੰਡ ਝਬਾਲ ਕਲਾਂ ਵਿਖੇ ਸਿੱਖ ਪਰਿਵਾਰ ਵਿਚ ਹੋਇਆ। ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਹਨਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ। ਉਹਨਾਂ ਨੇ ਬਚਪਨ ਵਿਚ ਹੀ ਅਪਣੇ ਪਿਤਾਂ ਤੋਂ ਗੱਤਕੇ ਦੀ ਸਿੱਖਿਆ ਲਈ ਸੀ।
ANANDPUR SAHIB
ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ (1876–1948)
ਬ੍ਰਿਟੇਨ ਦੇ ਇਤਿਹਾਸ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਮਹਾਰਾਜਾ ਦਲੀਪ ਸਿੰਘ ਦੀ ਧੀ ਪ੍ਰਿੰਸਿਸ ਸੋਫ਼ੀਆ ਦਲੀਪ ਸਿੰਘ ਦਾ ਆਉਂਦਾ ਹੈ। ਉਹ ਇੰਗਲੈਂਡ ਵਿਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁੰਨ ਸੀ।
Sophia Dhuleep Singh
ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ । ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ, ਜਿਥੇ ਉਸਨੇ ਇਸਾਈ ਧਰਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਧਰਮ ਬਦਲ ਲਿਆ। ਸੋਫ਼ੀਆ ਦੀ ਮਾਂ ਮਹਾਰਾਣੀ ਬਾਂਬਾ ਮਿਓਲਰ ਸੀ। ਉਸ ਦੀ ਧਰਮ ਮਾਤਾ ਮਹਾਰਾਣੀ ਵਿਕਟੋਰੀਆ ਸੀ।
Sophia Dhuleep Singh
ਸੋਫ਼ੀਆ ਇੱਕ ਕੱਟੜ ਨਾਰੀਵਾਦੀ ਸੀ ਅਤੇ ਹੈਂਪਟਨ ਕੋਰਟ ਮਹਿਲ ਦੇ ਇੱਕ ਘਰ ਵਿਚ ਰਹਿੰਦੀ ਸੀ ਜੋ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਲਿਹਾਜ ਵਿਚ ਦਿੱਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਨਿਰਪੱਖ ਤੇ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮਨੁੱਖਤਾ ਲਈ ਕੀਤੇ ਕੰਮਾਂ ਨੂੰ ਉਹਨਾਂ ਦੇ ਪਰਿਵਾਰ ਨੇ ਜਾਰੀ ਰੱਖਿਆ।
Bibi Gulab Kaur
ਬੀਬੀ ਗੁਲਾਬ ਕੌਰ
ਭਾਰਤ ਦੀ ਅਜ਼ਾਦੀ ਵਿਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਅਕਸਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਇਤਿਹਾਸ ਦੇ ਹੀਰੋ ਨੂੰ ਕਦੀ ਨਹੀਂ ਭੁੱਲਦੇ ਪਰ ਇਤਿਹਾਸ ਦੀ ਅਦਾਕਾਰਾ ਭਾਵ ਜੇਕਰ ਕਿਸੇ ਔਰਤ ਨੇ ਦੇਸ਼ ਲਈ ਕੁਝ ਕੀਤਾ ਹੋਵੇ, ਉਸ ਨੂੰ ਬਹੁਤ ਅਰਾਮ ਨਾਲ ਭੁਲਾ ਦਿੱਤਾ ਜਾਂਦਾ ਹੈ। ਆਜ਼ਾਦੀ ਦੇ ਸੰਗਰਾਮ ਵਿਚ ਇਸਤਰੀਆਂ ਦਾ ਵਿਲੱਖਣ ਯੋਗਦਾਨ ਰਿਹਾ ਹੈ। ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ।
Bibi Gulab Kaur
ਗੁਲਾਬ ਕੌਰ ਦਾ ਜਨਮ 1890 ਵਿਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਵਿਚ ਹੋਇਆ ਸੀ। ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਲ ਹੋਇਆ। ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਅਮਰੀਕਾ ਜਾਣ ਲਈ ਜਦੋਂ ਉਹ ਫਿਲਪੀਨ ਦੀ ਰਾਜਧਾਨੀ ਮਨੀਲਾ ਜਾ ਪੁੱਜੀ, ਤਾਂ ਯਾਤਰਾ ਦੌਰਾਨ ਉਸ ਦੀ ਮੁਲਾਕਾਤ ਗਦਰ ਪਾਰਟੀ ਦੇ ਮਸ਼ਹੂਰ ਮੈਂਬਰ ਨਾਲ ਹੋਈ। ਗਦਰ ਪਾਰਟੀ ਇਕ ਭਾਰਤੀ ਇਨਕਲਾਬੀ ਸੰਗਠਨ ਸੀ, ਜਿਸ ਨੂੰ ਖ਼ਾਤ ਤੌਰ ‘ਤੇ ਪੰਜਾਬੀ ਸਿੱਖ ਪਰਵਾਸੀਆਂ ਵੱਲੋਂ ਸਥਾਪਤ ਕੀਤਾ ਗਿਆ ਸੀ।
Bibi Gulab Kaur
ਗਦਰ ਪਾਰਟੀ ਨੂੰ ਬਣਾਉਣ ਦਾ ਮੁੱਖ ਮਕਸਦ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣਾ ਸੀ। ਜਦੋਂ ਗਦਰੀ ਇਨਕਲਾਬੀਆਂ ਦਾ ਜਹਾਜ਼ ਮਨੀਲਾ ਪਹੁੰਚਿਆ ਤਾਂ ਗੁਲਾਬ ਕੌਰ ਉੱਥੇ ਇਸ ਲਹਿਰ ਨਾਲ ਜੁੜੀ। ਗਦਰ ਪਾਰਟੀ ਦੇ ਮੁੱਖੀ ਆਫ਼ਿਜ਼ ਅਬਦੁੱਲਾ ਦੀ ਅਗਵਾਈ ਵਿਚ ਜਥਾ ਭਾਰਤ ਆਉਣ ਦੀ ਤਿਆਰੀ ਵਿਚ ਸੀ ਤਾਂ ਗੁਲਾਬ ਕੌਰ ਦੇ ਪਤੀ ਮਾਨ ਸਿੰਘ ਦਾ ਮਨ ਬਦਲ ਗਿਆ। ਉਹਨਾਂ ਨੇ ਪੰਜਾਬ ਆਉਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਗੁਲਾਬ ਕੌਰ ਨੇ ਅਪਣੇ ਪਤੀ ਨੂੰ ਛੱਡ ਕੇ ਦੇਸ਼ ਦੀ ਅਜ਼ਾਦੀ ਲਈ ਗਦਰ ਪਾਰਟੀ ਨਾਲ ਭਾਰਤ ਆਉਣ ਦਾ ਫ਼ੈਸਲਾ ਲਿਆ।