
ਕਿਹਾ, ਭਾਰਤੀ ਸਿਆਸਤ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਕਮੀ
ਵਾਸ਼ਿੰਗਟਨ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟੈਕਸਾਸ ’ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਿਆਸਤ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਘਾਟ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਚਾਹੁੰਦੇ ਹਨ ਕਿ ਔਰਤਾਂ ਘਰ ’ਚ ਰਹਿਣ।
ਰਾਹੁਲ ਗਾਂਧੀ ਨੇ ਐਤਵਾਰ ਨੂੰ ਡੱਲਾਸ ’ਚ ਲੋਕ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਅਪਣੀ ਪਹਿਲੀ ਗੱਲਬਾਤ ਦੌਰਾਨ ਇਹ ਟਿਪਣੀ ਕੀਤੀ। ਇਕ ਹੋਰ ਪ੍ਰੋਗਰਾਮ ਵਿਚ ਬੋਲਦਿਆਂ ਗਾਂਧੀ ਨੇ ਕਿਹਾ ਕਿ ਔਰਤਾਂ ਪ੍ਰਤੀ ਭਾਰਤੀ ਮਰਦਾਂ ਦੇ ਰਵੱਈਏ ਨੂੰ ਬਦਲਣ ਦੀ ਜ਼ਰੂਰਤ ਹੈ।
ਰਾਹੁਲ ਗਾਂਧੀ (54) ਨੇ ਕਿਹਾ ਕਿ ਉਹ ਮਹਿਲਾ ਰਾਖਵਾਂਕਰਨ ਬਿਲ ਸਮੇਤ ਸਿਆਸਤ ’ਚ ਔਰਤਾਂ ਦੀ ਭਾਗੀਦਾਰੀ ਦੇ ਸਮਰਥਕ ਹਨ। ਰਾਹੁਲ ਨੇ ਕਿਹਾ ਕਿ ਜੇਕਰ ਔਰਤਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਮਰਦਾਂ ਵਾਂਗ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਭਾਜਪਾ ਅਤੇ ਆਰ.ਐਸ.ਐਸ. ਦਾ ਮੰਨਣਾ ਹੈ ਕਿ ਔਰਤਾਂ ਨੂੰ ਇਕ ਵਿਸ਼ੇਸ਼ ਭੂਮਿਕਾ ਤਕ ਸੀਮਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ, ਉਨ੍ਹਾਂ ਨੂੰ ਖਾਣਾ ਬਣਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਜ਼ਿਆਦਾ ਗੱਲ ਨਹੀਂ ਕਰਨੀ ਚਾਹੀਦੀ ਅਤੇ ਸਾਡਾ ਮੰਨਣਾ ਹੈ ਕਿ ਔਰਤਾਂ ਨੂੰ ਉਹ ਕਰਨਾ ਚਾਹੀਦਾ ਹੈ ਜੋ ਉਹ ਕਰਨਾ ਚਾਹੁੰਦੀਆਂ ਹਨ।’’
ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ‘‘ਆਰ.ਐਸ.ਐਸ. ਦਾ ਮੰਨਣਾ ਹੈ ਕਿ ਭਾਰਤ ਇਕ ਵਿਚਾਰ ਹੈ। ਸਾਡਾ ਮੰਨਣਾ ਹੈ ਕਿ ਭਾਰਤ ਵਿਚਾਰਾਂ ਦੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ।’’
ਉਨ੍ਹਾਂ ਕਿਹਾ, ‘‘ਅਮਰੀਕਾ ਦੀ ਤਰ੍ਹਾਂ ਸਾਡਾ ਮੰਨਣਾ ਹੈ ਕਿ ਹਰ ਕਿਸੇ ਨੂੰ ਭਾਗੀਦਾਰੀ ਲੈਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ। ਸਾਡਾ ਮੰਨਣਾ ਹੈ ਕਿ ਹਰ ਕਿਸੇ ਨੂੰ ਸੁਪਨੇ ਵੇਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਜਾਤ, ਭਾਸ਼ਾ, ਧਰਮ, ਪਰੰਪਰਾ, ਇਤਿਹਾਸ ਦੀ ਪਰਵਾਹ ਕੀਤੇ ਬਿਨਾਂ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਹੈ।’’
ਰਾਹੁਲ ਨੇ ਕਿਹਾ, ‘‘ਇਹੀ ਲੜਾਈ ਹੈ। ਇਹ ਲੜਾਈ ਉਦੋਂ ਸਿਖਰ ’ਤੇ ਪਹੁੰਚ ਗਈ ਜਦੋਂ ਭਾਰਤ ਦੇ ਲੱਖਾਂ ਲੋਕ ਸਪੱਸ਼ਟ ਤੌਰ ’ਤੇ ਸਮਝ ਗਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਸੰਵਿਧਾਨ ’ਤੇ ਹਮਲਾ ਕਰ ਰਹੇ ਹਨ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ (ਭਾਰਤ) ਸੂਬਿਆਂ ਦਾ ਸੰਘ ਹੈ, ਭਾਸ਼ਾਵਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਪਰੰਪਰਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ, ਜਾਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਹ ਸੱਭ ਸੰਵਿਧਾਨ ’ਚ ਹੈ।’’
ਅਪਣੇ ਸੰਬੋਧਨ ’ਚ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਭਾਰਤੀ ਸਿਆਸਤ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀਆਂ ਕਦਰਾਂ ਕੀਮਤਾਂ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਸਾਡੀਆਂ ਸਿਆਸੀ ਪ੍ਰਣਾਲੀਆਂ ਅਤੇ ਪਾਰਟੀਆਂ ਵਿਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਘਾਟ ਹੈ। ਸਾਰੇ ਮਨੁੱਖਾਂ ਨੂੰ ਪਿਆਰ ਕਰੋ ਅਤੇ ਜ਼ਰੂਰੀ ਨਹੀਂ ਕਿ ਇਕ ਧਰਮ, ਇਕ ਭਾਈਚਾਰਾ, ਇਕ ਨਸਲ, ਇਕ ਰਾਜ, ਜਾਂ ਇਕ ਭਾਸ਼ਾ ਬੋਲਣ ਵਾਲੇ ਲੋਕ।’’
ਰਾਹੁਲ ਨੇ ਕਿਹਾ, ‘‘ਭਾਰਤ ਦੇ ਨਿਰਮਾਣ ਦੀ ਕੋਸ਼ਿਸ਼ ਕਰ ਰਹੇ ਹਰ ਵਿਅਕਤੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਨਾ ਸਿਰਫ ਸੱਭ ਤੋਂ ਸ਼ਕਤੀਸ਼ਾਲੀ ਬਲਕਿ ਸੱਭ ਤੋਂ ਕਮਜ਼ੋਰ ਅਤੇ ਨਿਮਰਤਾ ਸਿਰਫ ਦੂਜਿਆਂ ਵਿਚ ਹੀ ਨਹੀਂ, ਸਗੋਂ ਅਪਣੇ ਆਪ ਵਿਚ ਵੀ ਹੋਣੀ ਚਾਹੀਦੀ ਹੈ। ਮੈਨੂੰ ਲਗਦਾ ਹੈ ਕਿ ਮੈਂ ਅਪਣੇ ਆਪ ਨੂੰ ਇਸ ਤਰ੍ਹਾਂ ਦੇਖਦਾ ਹਾਂ।’’
ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਅਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਲੋਕ ਕਹਿ ਰਹੇ ਹਨ ਕਿ ਭਾਜਪਾ ਸਾਡੀ ਪਰੰਪਰਾ, ਸਾਡੀ ਭਾਸ਼ਾ ਆਦਿ ’ਤੇ ਹਮਲਾ ਕਰ ਰਹੀ ਹੈ। ਉਹ ਸਮਝਦੇ ਸਨ ਕਿ ਜੋ ਵੀ ਭਾਰਤ ਦੇ ਸੰਵਿਧਾਨ ’ਤੇ ਹਮਲਾ ਕਰ ਰਿਹਾ ਹੈ, ਉਹ ਸਾਡੀ ਧਾਰਮਕ ਪਰੰਪਰਾ ’ਤੇ ਵੀ ਹਮਲਾ ਕਰ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਵੇਖਿਆ ਕਿ ਚੋਣ ਨਤੀਜਿਆਂ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਭਾਰਤ ਵਿਚ ਕੋਈ ਵੀ ਭਾਜਪਾ, ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ। ਇਹ ਵੱਡੀਆਂ ਪ੍ਰਾਪਤੀਆਂ ਹਨ। ਇਹ ਭਾਰਤ ਦੇ ਲੋਕਾਂ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਨੇ ਲੋਕਤੰਤਰ ਨੂੰ ਮਹਿਸੂਸ ਕੀਤਾ, ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਅਪਣੇ ਸੰਵਿਧਾਨ ’ਤੇ ਹਮਲੇ ਨੂੰ ਮਨਜ਼ੂਰ ਨਹੀਂ ਕਰਾਂਗੇ। ਅਸੀਂ ਅਪਣੇ ਧਰਮ ’ਤੇ ਹਮਲਿਆਂ ਨੂੰ ਮਨਜ਼ੂਰ ਨਹੀਂ ਕਰਾਂਗੇ। ਅਸੀਂ ਅਪਣੇ ਸੂਬਿਆਂ ’ਤੇ ਹਮਲੇ ਨੂੰ ਮਨਜ਼ੂਰ ਨਹੀਂ ਕਰਾਂਗੇ।’’
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਅਤੇ ਭਾਰਤ ਨੂੰ ਵੀ ਅਮਰੀਕਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਭਾਈਚਾਰਾ ਦੋਹਾਂ ਦੇਸ਼ਾਂ ਦਰਮਿਆਨ ਇਕ ‘‘ਪੁਲ‘‘ ਹੈ।
ਉਨ੍ਹਾਂ ਕਿਹਾ, ‘‘ਮੇਰੀ ਰਾਏ ’ਚ, ਤੁਹਾਨੂੰ ਇਨ੍ਹਾਂ ਦੋਹਾਂ ਘਰਾਂ ਦੇ ਵਿਚਕਾਰ ਸੁਤੰਤਰ ਯਾਤਰਾ ਕਰਨੀ ਚਾਹੀਦੀ ਹੈ। ਤੁਹਾਨੂੰ ਭਾਰਤ ਦੇ ਵਿਚਾਰ ਨੂੰ ਅਮਰੀਕਾ ’ਚ ਲਿਆਉਣਾ ਚਾਹੀਦਾ ਹੈ ਅਤੇ ਅਮਰੀਕਾ ਦੇ ਵਿਚਾਰ ਨੂੰ ਭਾਰਤ ’ਚ ਲਿਆਉਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਤੁਹਾਡੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਇਨ੍ਹਾਂ ਦੋਹਾਂ ਐਸੋਸੀਏਸ਼ਨਾਂ ਵਿਚਾਲੇ ਸਬੰਧ ਦੋਹਾਂ ਦਾ ਭਵਿੱਖ ਨਿਰਧਾਰਤ ਕਰਨ ਜਾ ਰਹੇ ਹਨ।’’
ਰਾਹੁਲ ਗਾਂਧੀ ਭਾਰਤੀ ਲੋਕਤੰਤਰ ’ਤੇ ‘ਕਾਲਾ ਧੱਬਾ’ : ਭਾਜਪਾ
ਭਾਜਪਾ ਨੇ ਵਿਰੋਧੀ ਧਿਰ ਦੇ ਨੇਤਾ ਵਲੋਂ ਅਮਰੀਕਾ ’ਚ ਦਿਤੇ ਭਾਸ਼ਣ ’ਤੇ ਪ੍ਰਗਟਾਈ ਤਿੱਖੀ ਪ੍ਰਤੀਕਿਰਿਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਅਮਰੀਕਾ ’ਚ ਉਨ੍ਹਾਂ ਦੀ ਤਾਜ਼ਾ ਟਿਪਣੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਲੋਕਤੰਤਰ ’ਤੇ ਕਾਲਾ ਧੱਬਾ ਕਰਾਰ ਦਿਤਾ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ਗਾਂਧੀ ’ਤੇ ਵਿਦੇਸ਼ਾਂ ’ਚ ਅਪਣੀਆਂ ਟਿਪਣੀਆਂ ਨਾਲ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਰਾਹੁਲ ਗਾਂਧੀ ਇਕ ਅਪਰਪੱਕ ਅਤੇ ਪਾਰਟ-ਟਾਈਮ (ਅੰਸ਼ਕਾਲਿਕ) ਨੇਤਾ ਹਨ। ਪਰ ਜਦੋਂ ਤੋਂ ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣੇ ਹਨ, ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਪਾ ਦਿਤੀ ਹੈ।’’
ਭਾਟੀਆ ਨੇ ਇਕ ਭਾਜਪਾ ਦੇ ਮੁੱਖ ਦਫ਼ਤਰ ’ਚ ਇਕ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘‘ਪਰ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਰਾਹੁਲ ਗਾਂਧੀ ਭਾਰਤੀ ਲੋਕਤੰਤਰ ’ਤੇ ਕਾਲਾ ਧੱਬਾ ਹਨ। ਉਹ ਇਹ ਵੀ ਨਹੀਂ ਜਾਣਦੇ ਕਿ ਵਿਦੇਸ਼ਾਂ ’ਚ ਕੀ ਗੱਲਾਂ ਕਹੀਆਂ ਜਾਂਦੀਆਂ ਹਨ।’’ ਭਾਜਪਾ ਬੁਲਾਰੇ ਅਮਰੀਕਾ ’ਚ ਇਕ ਪ੍ਰੋਗਰਾਮ ’ਚ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਵਿਰੁਧ ਰਾਹੁਲ ਗਾਂਧੀ ਦੀ ਟਿਪਣੀ ’ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰਾਹੁਲ ਗਾਂਧੀ ਅਮਰੀਕਾ ਦੇ ਚਾਰ ਦਿਨਾਂ ਗੈਰ ਰਸਮੀ ਦੌਰੇ ’ਤੇ ਹਨ।
ਭਾਟੀਆ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਚੀਨ ਵਿਰੁਧ ਇਕ ਸ਼ਬਦ ਵੀ ਨਹੀਂ ਬੋਲ ਸਕਦੇ ਅਤੇ ਨਾ ਹੀ ਕੋਈ ਬਿਆਨ ਦੇ ਸਕਦੇ ਹਨ। ਉਨ੍ਹਾਂ ਕਿਹਾ, ‘‘ਉਹ ਭਾਰਤ ਨੂੰ ਕਮਜ਼ੋਰ ਕਰਦੇ ਹਨ। ਉਹ ਚੀਨ ਦੇ ਨਾਲ ਖੜੇ ਹਨ।’’ ਭਾਟੀਆ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਅਪਣੇ ਸ਼ਾਸਨ ਦੌਰਾਨ ਚੀਨ ਨਾਲ ਪਾਰਟੀ-ਟੂ-ਪਾਰਟੀ ਸਮਝੌਤੇ ’ਤੇ ਦਸਤਖਤ ਕੀਤੇ ਸਨ।
ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਲਗਾਤਾਰ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਉਸ ਸਹਿਮਤੀ ਪੱਤਰ ਦਾ ਨਤੀਜਾ ਹੈ। ਜੇ ਮੈਂ ਗਲਤ ਹਾਂ ਤਾਂ ਮੈਂ ਰਾਹੁਲ ਗਾਂਧੀ ਅਤੇ (ਕਾਂਗਰਸ ਪ੍ਰਧਾਨ) ਮਲਿਕਾਰਜੁਨ ਖੜਗੇ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਸਮਝੌਤੇ ਨੂੰ ਜਨਤਕ ਕਰਨ।’’