
ਬਜ਼ੁਰਗਾਂ ਵਲੋਂ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਅਦਾਇਗੀ ਲਈ ਬਿਟਕੁਆਇਨ ਖ਼ਰੀਦੇ ਜਾ ਰਹੇ ਸਨ।
ਟੋਰਾਂਟੋ : ਠੱਗਾਂ ਦੇ ਜਾਲ ਵਿਚ ਫਸੇ ਕੈਨੇਡੀਅਨ ਬਜ਼ੁਰਗਾਂ ਲਈ ਇਕ ਪੰਜਾਬੀ ਨੌਜਵਾਨ ਮਸੀਹਾ ਸਾਬਤ ਹੋ ਰਿਹਾ ਹੈ। ਉਨਟਾਰੀਉ ਦੇ ਵਿੰਡਸਰ ਸ਼ਹਿਰ ਨੇੜੇ ਸਥਿਤ ਇਕ ਪਟਰੌਲ ਪੰਪ ਦੇ ਮਾਲਕ ਅਮਰਜੀਤ ਸਿੰਘ ਨੇ ਦਸਿਆ ਕਿ ਤਿੰਨ ਮਹੀਨੇ ਪਹਿਲਾਂ ਬਿਟਕੁਆਇਨ ਵਾਲੀ ਮਸ਼ੀਨ ਪੰਪ ’ਤੇ ਲੱਗਣ ਮਗਰੋਂ ਕਈ ਬਜ਼ੁਰਗ ਬਿਟਕੁਆਇਨ ਖ਼ਰੀਦਣ ਲਈ ਆਉਣ ਲੱਗੇ ਪਰ ਉਨ੍ਹਾਂ ਦੀ ਕਹਾਣੀ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਗਏ। ਬਜ਼ੁਰਗਾਂ ਵਲੋਂ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਅਦਾਇਗੀ ਲਈ ਬਿਟਕੁਆਇਨ ਖ਼ਰੀਦੇ ਜਾ ਰਹੇ ਸਨ।
ਅਮਰਜੀਤ ਸਿੰਘ ਨੂੰ ਪਤਾ ਲੱਗ ਗਿਆ ਕਿ ਠੱਗਾਂ ਵਲੋਂ ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਅਪਣੇ ਕਾਰੋਬਾਰ ਦੇ ਨੁਕਸਾਨ ਦੀ ਪ੍ਰਵਾਹ ਨਾ ਕਰਦਿਆਂ ਅਮਰਜੀਤ ਸਿੰਘ ਨੇ ਬਜ਼ੁਰਗਾਂ ਨੂੰ ਲੁੱਟ ਤੋਂ ਬਚਾਉਣ ਦਾ ਫ਼ੈਸਲਾ ਕਰ ਲਿਆ। ਉਸ ਨੇ ਬਿਟਕੁਆਇਨ ਮਸ਼ੀਨ ਉਪਰ ਲਿਖ ਕੇ ਲਾ ਦਿਤਾ ਕਿ ਆਰ.ਸੀ.ਐਮ.ਪੀ. ਵਾਲੇ ਜਾਂ ਹੋਰ ਸਰਕਾਰੀ ਅਫ਼ਸਰ ਲੋਕਾਂ ਤੋਂ ਡਾਲਰਾਂ ਦੀ ਮੰਗ ਨਹੀਂ ਕਰਦੇ। ਇਕ ਵਾਰ ਇਕ ਬਜ਼ੁਰਗ ਜਦੋਂ ਬਿਟਕੁਆਇਨ ਮਸ਼ੀਨ ਨੇੜੇ ਆਇਆ ਤਾਂ ਅਮਰਜੀਤ ਸਿੰਘ ਨੇ ਅਪਣਤ ਭਰੇ ਰਵੱਈਏ ਨਾਲ ਉਸ ਤੋਂ ਪੁੱਛ ਲਿਆ ਕਿ ਆਖਰ ਬਿਟਕੁਆਇਨ ਦਾ ਉਹ ਕੀ ਕਰੇਗਾ।
ਬਜ਼ੁਰਗ ਨੇ ਦਸਿਆ ਕਿ ਉਹ ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰ ਗਿਆ ਹੈ ਅਤੇ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਅਫ਼ਸਰ ਨੇ ਫ਼ੋਨ ਕਰ ਕੇ ਆਖਿਆ ਹੈ ਕਿ ਜੇ ਇਸ ਮਾਮਲੇ ਵਿਚੋਂ ਬਾਹਰ ਨਿਕਲਣਾ ਹੈ ਤਾਂ ਬਿਟਕੁਆਇਨ ਦੇ ਰੂਪ ਵਿਚ 6 ਹਜ਼ਾਰ ਡਾਲਰ ਦੇ ਦੇਵੇ। ਅਮਰਜੀਤ ਸਿੰਘ ਨੇ ਬਜ਼ੁਰਗ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਪਰ ਮੰਦਭਾਗੇ ਤੌਰ ’ਤੈ 975 ਡਾਲਰ ਉਹ ਪਹਿਲਾਂ ਹੀ ਭੇਜ ਚੁੱਕਾ ਸੀ।