ਪੰਜਾਬ ਦੀ ਮਲਕੀਅਤ ਵਾਲੇ ਪ੍ਰਾਜੈਕਟ ਦੀ ਲੀਜ਼ ਅਗਲੇ ਸਾਲ ਖ਼ਤਮ ਹੋ ਰਹੀ ਹੈ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੂੰ ਸ਼ਾਨਨ ਜਲਬਿਜਲੀ ਪ੍ਰਾਜੈਕਟ ਦੀ ਮਲਕੀਅਤ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਤਬਦੀਲ ਕਰਨ ਦੀ ਮੰਗ ਕੀਤੀ।
ਸੰਨ 1925 ’ਚ ਮੰਡੀ ਸੂਬੇ ਦੇ ਤਤਕਾਲੀ ਰਾਜਾ ਜੋਗਿੰਦਰ ਸੇਨ ਅਤੇ ਬਿ੍ਰਟਿਸ਼ ਇੰਜਨੀਅਰ ਬੀ.ਸੀ. ਬੈਟੀ ਨੇ ਇਸ ਪ੍ਰਾਜੈਕਟ ਨੂੰ 99 ਸਾਲ ਦੀ ਲੀਜ਼ ਸਮਝੌਤੇ ਤਹਿਤ ਬਣਵਾਇਆ ਸੀ। ਸ਼ਾਨਨ ਜਲਬਿਜਲੀ ਪ੍ਰਾਜੈਕਟ ਦੀ ਸ਼ੁਰੂਆਤ 1932 ’ਚ ਹੋਈ ਸੀ।
ਨੰਬਰ 1966 ’ਚ ਜਦੋਂ ਦੋਵੇਂ ਸੂਬਿਆਂ ਦਾ ਪੁਨਰਗਠਨ ਹੋਇਆ, ਤਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਹੇਠ ਆਉਣ ਵਾਲਾ ਇਹ ਬਿਜਲੀ ਘਰ 99 ਸਾਲ ਦੇ ਠੇਕੇ ’ਤੇ ਪੰਜਾਬ ਨੂੰ ਦੇ ਦਿਤਾ ਗਿਆ ਸੀ, ਜਿਸ ਦੀ ਮਿਆਦ ਹੁਣ ਅਗਲੇ ਸਾਲ 2 ਮਾਰਚ ਨੂੰ ਖ਼ਤਮ ਹੋ ਰਹੀ ਹੈ।
ਮੁੱਖ ਮੰਤਰੀ ਸੁੱਖੂ ਨੇ ਸ਼ੁਕਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ, ‘‘ਮੈਂ ਕੇਂਦਰੀ ਮੰਤਰੀ ਨੂੰ ਸ਼ਾਨਨ ਜਲਬਿਜਲੀ ਪ੍ਰਾਜੈਕਟ ਦੀ ਮਲਕੀਅਤ ਨਾਲ ਸਬੰਧਤ ਸਾਰੇ ਮੁੱਦਿਆਂ ਅਤੇ ਇਸ ਦੀ ਲੀਜ਼ ਮਿਆਦ ਬਾਰੇ ਵੀ ਜਾਣੂ ਕਰਵਾਇਆ ਹੈ ਜੋ ਮਾਰਚ 2024 ਨੂੰ ਖ਼ਤਮ ਹੋ ਰਹੀ ਹੈ।’’
ਬਿਆਨ ਮੁਤਾਬਕ ਕੇਂਦਰੀ ਊਰਜਾ ਮੰਤਰੀ ਦੇ ਹਿਮਾਚਲ ਪ੍ਰਦੇਸ਼ ਪ੍ਰਵਾਸ ਦੌਰਾਨ ਊਰਜਾ ਖੇਤਰ ਨਾਲ ਸਬੰਧਤ ਵੱਖੋ-ਵੱਖ ਮੁੱਦਿਆਂ ਨੂੰ ਉਨ੍ਹਾਂ ਸਾਹਮਣੇ ਚੁਕਿਆ ਗਿਆ ਸੀ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਮਲਕੀਅਤ ਤਬਦੀਲ ਕਰਨ ਸਬੰਧੀ ਪ੍ਰਕਿਰਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੀ ਵੀ ਅਪੀਲ ਕੀਤੀ ਸੀ।
ਸੁੱਖੂ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸੂਬੇ ਅੰਦਰ 200 ਕਰੋੜ ਰੁਪਏ ਦੀ ਸਾਲਾਨਾ ਆਮਦਨ ਪੈਦਾ ਹੋ ਸਕਦੀ ਹੈ। ਉਨ੍ਹਾਂ ਪਿੱਛੇ ਜਿਹੇ ਹੀ ਕੇਂਦਰੀ ਊਰਜਾ ਮੰਤਰਾਲੇ ਨੂੰ ਪ੍ਰਾਜੈਕਟ ਬਾਬਤ ਕਾਨੂੰਨੀ ਦਸਤਾਵੇਜ਼ ਸੌਂਪੇ ਹਨ।