
ਬ੍ਰਿਟੇਨ ਵਿਚ ਜਗਦੀਪ ਸਿੰਘ ਦਾ ਕੰਮ ਬਹੁਤ ਜ਼ਿਆਦਾ ਹੈ। ਉਹਨਾਂ ਦਾ ਇਹ ਕੰਮ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜਦਾ ਹੈ।
ਬ੍ਰਿਟੇਨ: ਵਿਆਹਾਂ ਦੇ ਮੌਕਿਆਂ ‘ਤੇ ਜਗਦੀਪ ਸਿੰਘ ਗਰੇਵਾਲ ਪੇਸ਼ੇ ਵਜੋਂ ਇਕ ਦਿਨ ਵਿਚ ਚਾਰ ਜਾਂ ਪੰਜ ਲਾੜਿਆਂ ਨੂੰ ਪੱਗਾਂ ਬੰਨਦੇ ਹਨ। ਉਹ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਹਨ ਅਤੇ ਅਕਸਰ ਹਨੇਰਾ ਹੋਣ ਤੋਂ ਬਾਅਦ ਅਪਣੇ ਘਰ ਵਾਪਿਸ ਪਰਤਦੇ ਹਨ। ਹਰ ਵਿਆਹ ਮੌਕੇ ਉਸ ਨੂੰ ਇਕ ਪੁਰਾਣੀ ਘਟਨਾ ਹਮੇਸ਼ਾਂ ਯਾਦ ਰਹਿੰਦੀ ਹੈ। 2018 ਵਿਚ ਅਕਤੂਬਰ ਮਹੀਨੇ ਦੀਆਂ ਸਰਦੀਆਂ ਵਿਚ ਇਕ ਦਿਨ ਸਵੇਰੇ ਪੰਜ ਵਜੇ ਜਗਦੀਪ ਸਿੰਘ ਗਰੇਵਾਲ ਲਾੜੇ ਦੇ ਘਰ ਪਹੁੰਚੇ। ਲਾੜੇ ਦੀ ਮਾਂ ਨੇ ਇਕ ਸਰਦਾਰ ਵਿਅਕਤੀ ਦੀ ਤਸਵੀਰ ਵੱਲ ਇਸ਼ਾਰਾ ਕਰ ਕੇ ਉਸ ਨੂੰ ਉਸੇ ਤਰ੍ਹਾਂ ਦੀ ਪੱਗ ਬੰਨਣ ਲਈ ਕਿਹਾ ਜਿਸ ਤਰ੍ਹਾਂ ਦੀ ਪੱਗ ਉਸ ਤਸਵੀਰ ਵਿਚ ਵਿਅਕਤੀ ਨੇ ਬੰਨ੍ਹੀ ਹੋਈ ਸੀ।
Turban tying
ਜਿਵੇਂ ਹੀ ਉਸ ਨੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਪੱਗ ਬੰਨਣ ਲਈ ਕੱਪੜਾ ਖਿੱਚਿਆ ਤਾਂ ਉਸ ਨੇ ਦੇਖਿਆ ਕਿ ਲਾੜੇ ਦੀ ਮਾਂ ਅਤੇ ਉਸ ਦਾ ਚਾਚਾ ਭਾਵੁਕ ਹੋ ਗਏ। ਉਸ ਨੂੰ ਬਾਅਦ ਵਿਚ ਪਤਾ ਚੱਲਿਆ ਕਿ ਉਸ ਤਸਵੀਰ ਵਿਚ ਜੋ ਵਿਅਕਤੀ ਹੈ ਉਸ ਲਾੜੇ ਦਾ ਪਿਤਾ ਹੈ, ਜੋ ਕਿ ਭਾਰਤੀ ਫੌਜ ਵਿਚ ਇਕ ਸਾਬਕਾ ਫੌਜੀ ਸਨ ਅਤੇ ਯੁੱਧ ਦੌਰਾਨ ਉਹ ਮਾਰਿਆ ਗਿਆ। ਗਰੇਵਾਲ ਨੇ ਕਿਹਾ ਕਿ ਇਹ ਉਹਨਾਂ ਲਈ ਬਹੁਤ ਔਖਾ ਸਮਾਂ ਸੀ। 32 ਸਾਲਾ ਜਗਦੀਪ ਗਰੇਵਾਲ ਲੰਡਨ ਵਿਚ ਪੱਗ ਬੰਨਣ ਦਾ ਕੰਮ ਕਰਦਾ ਹੈ। ਉਸ ਦੇ ਨਾਲ ਉਸ ਦਾ ਇਕ ਸਾਥੀ ਬਰਿੰਦਰ ਸਿੰਘ ਬਾਠ ਵੀ ਕੰਮ ਕਰਦਾ ਹੈ।
Turban tying
ਬ੍ਰਿਟੇਨ ਵਿਚ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੈ। ਉਹਨਾਂ ਦਾ ਇਹ ਕੰਮ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜਦਾ ਹੈ। ਬਾਲੀਵੁੱਡ ਦੇ ਸਿਤਾਰੇ ਅਤੇ ਦਿਲਜੀਤ ਦੁਸਾਂਝ ਵਰਗੇ ਕਲਾਕਾਰਾਂ ਕਰਕੇ ਪੱਗ ਦਾ ਰੁਝਾਨ ਹੋਰ ਵਧ ਗਿਆ ਹੈ। ਗਰੇਵਾਲ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਨੌਜਵਾਨਾਂ ਨੂੰ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਇੰਨੇ ਜ਼ਿਆਦਾ ਪੱਛਮੀ ਹੋ ਗਏ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਪੱਗ ਕਿਵੇਂ ਬੰਨਣੀ ਹੈ। ਉਹਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਸੀਂ ਅਪਣੇ ਸੱਭਿਆਚਾਰ ਨੂੰ ਅਪਣਾਇਆ ਹੈ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ।
Turban tying
ਵੁਲਵਰਹੈਂਪਟਨ ਵਿਚ ਅਪਣੇ ਪਤੀ ਤਰਨਵੀਰ ਢਾਂਡਾ ਨਾਲ ‘ਟਾਇੰਗ ਮਾਈ ਟਰਬਨ’ (ਬਿਜ਼ਨਸ) ਵਿਚ ਕੰਮ ਕਰਨ ਵਾਲੀ ਸੁਖਵੀਰ ਔਜਲਾ ਨੇ ਕਿਹਾ ਕਿ ਪਹਿਲਾਂ ਵਿਆਹ ਸਮੇਂ ਪਰਿਵਾਰ ਦੇ ਮੈਂਬਰ ਵਿਚੋਂ ਹੀ ਕੋਈ ਲਾੜੇ ਦੇ ਪੱਗ ਬੰਨਦਾ ਹੁੰਦਾ ਸੀ ਪਰ ਹੁਣ ਅਜਿਹਾ ਦੇਖਣ ਨੂੰ ਨਹੀਂ ਮਿਲਦਾ। ਲੀਡਜ਼ ਯੂਨੀਵਰਸਿਟੀ ਦੇ ਜਸਜੀਤ ਸਿੰਘ ਜੋ ਕਿ ਧਾਰਮਕ ਅਤੇ ਸੱਭਿਆਚਾਰਕ ਪ੍ਰਸਾਰਣ ਦੀ ਪੜ੍ਹਾਈ ਕਰਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਭਾਈਚਾਰੇ ਦੇ ਬਜ਼ੁਰਗ ਇਹ ਸੋਚਦੇ ਹਨ ਕਿ ਨੌਜਵਾਨ ਪੀੜੀ ਅਪਣੀ ਵਿਰਾਸਤ ਤੋਂ ਦੂਰ ਜਾ ਰਹੀ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਵਿਚ ਅਪਣੀਆਂ ਜੜ੍ਹਾਂ ਨੂੰ ਸਮਝਣ ਲਈ ਰੁਚੀ ਵਧ ਰਹੀ ਹੈ।
Turban tying
ਲੰਡਨ ਦੇ ਇਕ ਫੋਟੋਗ੍ਰਾਫਰ ਅਤੇ ‘ਟਰਬਨ ਐਂਡ ਟੇਲਜ਼’ ਕਿਤਾਬ ਦੇ ਸਹਿ ਲੇਖਕ , 38 ਸਾਲਾ ਨਾਰੂਪ ਝੂਟੀ ਕਹਿੰਦੇ ਹਨ, ਕਿ 40 ਸਾਲ ਪਹਿਲਾਂ ਵਿਦੇਸ਼ਾਂ ਵਿਚ ਪੱਗ ਬੰਨਣ ਕਾਰਨ ਤੁਸੀਂ ਨੌਕਰੀ ਨਹੀਂ ਪਾ ਸਕਦੇ ਸੀ ਜਾਂ ਪੱਗ ਬੰਨਣ ਕਾਰਨ ਤੁਹਾਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਸਮਾਂ ਬਦਲ ਰਿਹਾ ਹੈ, ਹੁਣ ਨੌਜਵਾਨ ਪੀੜ੍ਹੀ ਅਪਣੇ ਵਿਰਸੇ ‘ਤੇ ਮਾਣ ਕਰ ਰਹੀ ਹੈ। ਜਗਦੀਪ ਗਰੇਵਾਲ ਇਸ ਗੱਲ ਨਾਲ ਸਹਿਮਤ ਹਨ ਕਿ 1960 ਤੋਂ ਪਹਿਲਾਂ ਪਰਵਾਸੀਆਂ ‘ਤੇ ਜ਼ਿਆਦਾ ਦਬਾਅ ਸੀ ਪਰ ਹੁਣ ਨੌਜਵਾਨ ਅਪਣੀ ਪਛਾਣ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ।
Turban tying
ਵੱਡੀਆਂ ਕੰਪਨੀਆਂ ਦੇ ਮਾਲਕ ਵੀ ਪੱਗ ਬੰਨਣ ਵਾਲਿਆਂ ਦਾ ਸਵਾਗਤ ਕਰਦੇ ਹਨ ਅਤੇ ਧਾਰਮਕ ਭਾਵਨਾਵਾਂ ਦਾ ਆਦਰ ਕਰਦੇ ਹਨ। ਹਾਲ ਹੀ ਵਿਚ ਗੂਚੀ ਵੱਲੋਂ ਨਕਲੀ ਪੱਗਾਂ ਵੇਚਣ ਕਾਰਨ ਉਸ ਦੀ ਕਾਫ਼ੀ ਅਲੋਚਨਾ ਕੀਤੀ ਗਈ ਸੀ। ਕੂਲੀ (30) ਨੇ ਵੀ ਪਿਛਲੇ ਸਾਲ ਅਪਣੇ ਵਿਆਹ ਮੌਕੇ ‘ਤੇ ਪੱਗ ਬੰਨੀ ਸੀ। ਉਹਨਾਂ ਕਿਹਾ ਇਸ ਦਾ ਕਾਰਨ ਸੀ ਕਿ ਉਹ ਵਧੀਆ ਦਿਖਣ ਅਤੇ ਅਪਣੇ ਸੱਭਿਆਚਾਰ ਦਾ ਆਦਰ ਕਰਨ। ਹਾਲਾਂਕਿ ਉਹਨਾਂ ਨੇ ਪਹਿਲੀ ਵਾਰ ਪੱਗ ਬੰਨੀ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪੱਗ ਬੰਨ ਕੇ ਬਹੁਤ ਵਧੀਆ ਲੱਗਿਆ। ਉਹਨਾਂ ਕਿਹਾ ਕਿ ਸਾਰਿਆਂ ਨੇ ਉਹਨਾਂ ਦੀ ਬਹੁਤ ਤਾਰੀਫ਼ ਕੀਤੀ ਸੀ।
ਅਨੁਵਾਦ- ਕਮਲਜੀਤ ਕੌਰ