
10 ਜਨਵਰੀ ਤੋਂ ਇੱਕ ਬੈਸਟ ਐਕਸਪ੍ਰੈਸ ਕੰਪਨੀ ਵਿਚ ਕੰਮ ਕਰ ਰਿਹਾ ਸੀ ਨੌਜਵਾਨ
ਗੁਰਦਾਸਪੁਰ - ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ ਮਲੇਸ਼ੀਆ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਕੁਝ ਸਮਾਂ ਪਹਿਲਾਂ ਮਲੇਸ਼ੀਆ ਗਿਆ ਸੀ ਕਿ ਨੌਜਵਾਨ ਦੀ ਛਾਤੀ ਵਿਚ ਇਕੋ ਦਮ ਦਰਦ ਹੋਣ ਲੱਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਕਤ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੇ ਵਾਸੀ ਪਾਠੀ ਸੰਤੋਸ਼ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਲਵਪ੍ਰੀਤ ਸਿੰਘ (27) ਕੁਝ ਸਮਾਂ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਿਆ ਸੀ। ਉਹ 10 ਜਨਵਰੀ ਤੋਂ ਇੱਕ ਬੈਸਟ ਐਕਸਪ੍ਰੈਸ ਕੰਪਨੀ ਵਿਚ ਕੰਮ ਕਰ ਰਿਹਾ ਸੀ।
ਕੰਮ ਦੌਰਾਨ ਉਸ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਛਾਤੀ ਵਿਚ ਦਰਦ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਹਨਾਂ ਨੂੰ ਇਸ ਬਾਰੇ ਇੰਨੀ ਹੀ ਜਾਣਕਾਰੀ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 10 ਦਿਨ ਬੀਤ ਚੁੱਕੇ ਹਨ ਅਤੇ ਅਜੇ ਤੱਕ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇਹ ਕਿੱਥੇ ਹੈ ਅਤੇ ਕਿਸ ਹਾਲਤ ਵਿਚ ਹੈ, ਇਸ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਪੰਜਾਬ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਰੀਤੀ-ਰਿਵਾਜਾਂ ਨਾਲ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕਣ।