
ਸਵਾਲਾਂ ਦੇ ਜਵਾਬਾਂ ਤੋਂ ਬਗ਼ੈਰ ਪ੍ਰਧਾਨ ਮੰਤਰੀ ਸੂਨਕ ਦੀ ਗੱਲ ਅਰਥਹੀਣ ਹੈ : ਮਾਇਆ ਫੋਆ
ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਨਵੀਂ ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਅਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ 2017 ਤੋਂ ਭਾਰਤ ’ਚ ਨਜ਼ਰਬੰਦ ਇਕ ਸਕਾਟਿਸ਼ ਸਿੱਖ ਦਾ ਮਾਮਲਾ ਉਠਾਇਆ ਹੈ। ਇਹ ਜਾਣਕਾਰੀ ਬੀ.ਬੀ.ਸੀ. ਦੀ ਇਕ ਰੀਪੋਰਟ ’ਚ ਦਿਤੀ ਗਈ ਹੈ।
ਯੂ.ਕੇ. ਦੇ ਵਿਦੇਸ਼ ਵਿਭਾਗ ਨੇ 8 ਸਤੰਬਰ ਨੂੰ ਜਗਤਾਰ ਸਿੰਘ ਜੌਹਲ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ ਸੀ। ਸੂਨਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਹੋਰ ਮੁੱਦਿਆਂ ਦੇ ਨਾਲ ਚੁਕਿਆ ਸੀ।
ਉਨ੍ਹਾਂ ਵੇਰਵੇ ਨਹੀਂ ਦਿਤੇ, ਪਰ ਕਿਹਾ, ‘‘ਵਿਦੇਸ਼ ਦਫ਼ਤਰ ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨੂੰ ਸਹਾਇਤਾ ਦੇਣਾ ਜਾਰੀ ਰੱਖ ਰਿਹਾ ਹੈ ਅਤੇ ਅਜਿਹਾ ਕਰਨਾ ਜਾਰੀ ਰੱਖੇਗਾ।’’ ਮਨੁੱਖੀ ਅਧਿਕਾਰ ਸਮੂਹ ਰੀਪ੍ਰੀਵ ਦੀ ਡਾਇਰੈਕਟਰ ਮਾਇਆ ਫੋਆ ਨੇ ਬੀ.ਬੀ.ਸੀ. ਨੂੰ ਦਸਿਆ, ‘‘ਰਿਸ਼ੀ ਸੂਨਕ ਨੇ ਇਸ ਮੁੱਦੇ ’ਤੇ ਨਰਿੰਦਰ ਮੋਦੀ ਨੂੰ ਕੀ ਕਿਹਾ ਅਤੇ ਉਨ੍ਹਾਂ ਨੇ ਕੀ ਜਵਾਬ ਦਿਤਾ? ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਬਗ਼ੈਰ ਪ੍ਰਧਾਨ ਮੰਤਰੀ ਦੀ ਗੱਲ ਅਰਥਹੀਣ ਹੈ।’’
ਯੂ.ਕੇ. ਸਿੱਖ ਫੈਡਰੇਸ਼ਨ ਨੇ ਕਿਹਾ ਕਿ ਜੌਹਲ ਦੇ ਮਾਮਲੇ ’ਚ ਦਬਾਅ ਪਾਉਣ ਲਈ ਸੂਨਕ ‘ਬਹੁਤ ਇੱਛਾਹੀਣ’ ਦਿਸੇ, ਅਤੇ ‘ਬ੍ਰਿਟਿਸ਼ ਨਾਗਰਿਕ ਦੇ ਹੱਕਾਂ ਲਈ ਖੜੇ ਹੋਣ ’ਚ ਸ਼ਰਮਨਾਕ ਤੌਰ ’ਤੇ ਅਸਫਲ ਹੋ ਕੇ ਅਪਣੀ ਕਮਜ਼ੋਰੀ ਅਤੇ ਲੀਡਰਸ਼ਿਪ ਦੀ ਘਾਟ ਦਾ ਪ੍ਰਦਰਸ਼ਨ ਕੀਤਾ ਹੈ।’
ਸਿੱਖ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਬੀ.ਬੀ.ਸੀ. ਨੂੰ ਦਸਿਆ, ‘‘ਰਿਸ਼ੀ ਸੂਨਕ ਅਤੇ ਉਨ੍ਹਾਂ ਦੇ ਵਿਦੇਸ਼ ਵਿਭਾਗ ਦੇ ਮੰਤਰੀ ਹੁਣ ਜਗਤਾਰ ਦੇ ਹਿੱਤਾਂ ਅਤੇ ਨਿਆਂ ਦੇ ਮਾਮਲੇ ’ਚ ਪੂਰੀ ਤਰ੍ਹਾਂ ਬਕਵਾਸ ਕਰ ਰਹੇ ਹਨ। ਉਹ ਡਰੇ ਹੋਏ ਹਨ ਅਤੇ ਇਸ ਗੱਲ ਤੋਂ ਅਣਜਾਣ ਹਨ ਕਿ ਭਾਰਤ ’ਤੇ ਕੂਟਨੀਤਕ ਦਬਾਅ ਕਿਵੇਂ ਪਾਉਣਾ ਹੈ ਅਤੇ ਉਹ ਇਸ ਮਾਮਲੇ ਨੂੰ ਭ੍ਰਿਸ਼ਟ ਭਾਰਤੀ ਨਿਆਂ ਪ੍ਰਣਾਲੀ ’ਤੇ ਛੱਡ ਰਹੇ ਹਨ।’’
ਸੂਨਕ ਦੀ ਇਹ ਕਾਰਵਾਈ ਪਿਛਲੇ ਹਫ਼ਤੇ 70 ਤੋਂ ਵੱਧ ਸੰਸਦ ਮੈਂਬਰਾਂ ਦੇ ਇਕ ਸਮੂਹ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ 36 ਵਰ੍ਹਿਆਂ ਦੇ ਸਿੱਖ ਪ੍ਰਚਾਰਕ ਦੀ ‘ਤੁਰਤ ਰਿਹਾਈ’ ਯਕੀਨੀ ਬਣਾਉਣ ਦੀ ਅਪੀਲ ਕਰਨ ਤੋਂ ਬਾਅਦ ਆਈ ਹੈ।
ਜੌਹਲ ਦੇ ਭਰਾ ਅਤੇ ਇਕ ਵਕੀਲ ਤੇ ਲੇਬਰ ਕੌਂਸਲਰ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਉਹ ‘ਖੁਸ਼’ ਹਨ ਕਿ ਸੂਨਕ ਨੇ ਇਹ ਮੁੱਦਾ ਮੋਦੀ ਕੋਲ ਉਠਾਇਆ ਸੀ, ਪਰ ਇਹ ‘ਕਾਫ਼ੀ ਨਹੀਂ’ ਹੈ। ਗੁਰਪ੍ਰੀਤ ਨੇ ਬੀ.ਬੀ.ਸੀ. ਨੂੰ ਦਸਿਆ, ‘‘ਕੇਸ ਨੂੰ ਉਠਾਉਣਾ ਉਦੋਂ ਤਕ ਕਾਫ਼ੀ ਨਹੀਂ ਹੈ ਜਦੋਂ ਤਕ ਉਹ ਮਨਮਾਨੀ ਹਿਰਾਸਤ ’ਤੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੀਆਂ ਖੋਜਾਂ ਦੇ ਅਨੁਸਾਰ ਜਗਤਾਰ ਦੀ ਰਿਹਾਈ ਦੀ ਮੰਗ ਨਹੀਂ ਕਰਦੇ। ਮੈਨੂੰ ਡਰ ਹੈ ਕਿ ਇਹ ਯੂ.ਕੇ. ਸਰਕਾਰ ਵਲੋਂ ਸਿਰਫ਼ ਫ਼ਾਲਤੂ ਗੱਲਾਂ ਹਨ ਅਤੇ ਕੋਈ ਕਾਰਵਾਈ ਨਹੀਂ ਹੈ।’’
ਡੰਬਰਟਨ ਦਾ ਜਗਤਾਰ ਸਿੰਘ ਜੌਹਲ ਅਪਣੇ ਵਿਆਹ ਲਈ ਪੰਜਾਬ ’ਚ ਸੀ ਜਦੋਂ ਉਸ ਨੂੰ 4 ਨਵੰਬਰ, 2017 ਨੂੰ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵਲੋਂ ਕਤਲਾਂ ’ਚ ਉਸ ਦੀ ਕਥਿਤ ਭੂਮਿਕਾ ਲਈ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਕ ਖਾਲੀ ਕਬੂਲਨਾਮੇ ਦੇ ਦਸਤਾਵੇਜ਼ ’ਤੇ ਹਸਤਾਖਰ ਕਰਨ ਤੋਂ ਪਹਿਲਾਂ ਉਸ ਨੂੰ ਬਿਜਲੀ ਦੇ ਝਟਕੇ ਸਮੇਤ, ਤਸੀਹੇ ਦਿਤੇ ਗਏ ਸਨ, ਹਾਲਾਂਕਿ ਭਾਰਤੀ ਅਧਿਕਾਰੀਆਂ ਵਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ। ਜੌਹਲ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਅਤੇ ਭਾਰਤ ’ਚ ਸਿਆਸੀ ਹਿੰਸਾ ਨਾਲ ਸਬੰਧਤ ਕਤਲ ਦੀ ਸਾਜ਼ਸ਼ ਦੇ ਅੱਠ ਦੋਸ਼ਾਂ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਜਗਤਾਰ ਸਿੰਘ ਜੌਹਲ ਨੇ ਅਪਣੇ ’ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।