
ਘਟਨਾ ਦੀ ਜਾਣਕਾਰੀ ਮਿਲਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਮੈਲਬੋਰਨ: ਪਟਿਆਲਾ ਨਜ਼ਦੀਕ ਸਮਾਣਾ ਦੇ ਪਿੰਡ ਨਮਾਦਾ ਦੇ ਆਸਟ੍ਰੇਲੀਆ 'ਚ ਰਹਿੰਦੇ ਪਤੀ-ਪਤਨੀ ਤੇ ਉਨ੍ਹਾਂ ਦੇ ਭਤੀਜੇ ਦੀ ਮੈਲਬੌਰਨ (ਆਸਟ੍ਰੇਲੀਆ) 'ਚ ਵਾਪਰੇ ਇਕ ਹਾਦਸੇ ਦੌਰਾਨ ਮੌਤ ਹੋ ਗਈ ਜਦਕਿ ਪਰਵਾਰ ਦੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
Photo
ਜਾਣਕਾਰੀ ਅਨੁਸਾਰ ਕਰੀਬ 13 ਸਾਲ ਤੋਂ ਆਸਟ੍ਰੇਲੀਆ 'ਚ ਡਰਾਈਵਰ ਦੇ ਤੌਰ 'ਤੇ ਕੰਮ ਕਰਦੇ ਨਮਾਦਾ ਪਿੰਡ ਦੇ ਕਿਸਾਨ ਪਰਵਾਰ ਦਾ ਪੁੱਤਰ ਸਵਰਨਜੀਤ ਸਿੰਘ ਗਰੇਵਾਲ ਅਪਣੀ ਪਤਨੀ ਅਮਨਦੀਪ ਕੌਰ, ਪੁੱਤਰ ਸਹਿਜ, ਪੰਜਾਬ ਤੋਂ ਗਈ ਭਾਬੀ ਗੁਰਮੀਤ ਕੌਰ ਤੇ ਉਸ ਦੇ ਪੁੱਤਰ ਇਸ਼ਪ੍ਰੀਤ ਸਿੰਘ ਨਾਲ ਕਲਿਸਤਾ ਦੇ ਪਹਾੜੀ ਇਲਾਕੇ 'ਚ ਘੁੰਮਣ ਗਿਆ ਸੀ।
Photo
8 ਮਾਰਚ ਨੂੰ ਵਾਪਸੀ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਰੁੱਖ ਦੇ ਕਾਰ ਉਪਰ ਡਿੱਗ ਜਾਣ ਕਾਰਨ ਵਾਪਰੀ ਘਟਨਾ 'ਚ ਸਵਰਨਜੀਤ ਸਿੰਘ (34), ਪਤਨੀ ਅਮਨਦੀਪ ਕੌਰ (32) ਤੇ ਭਤੀਜੇ ਇਸ਼ਪ੍ਰੀਤ ਸਿੰਘ (16) ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਉਨ੍ਹਾਂ ਦਾ ਪੁੱਤਰ ਸਹਿਜ (4), ਭਾਬੀ ਗੁਰਮੀਤ ਕੌਰ (36) ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
Photo
ਜ਼ਿਕਰਯੋਗ ਹੈ ਕਿ ਬੁੱਢਾ ਦਲ ਪਬਲਿਕ ਸਕੂਲ ਸਮਾਣਾ 'ਚ 11ਵੀਂ ਦਾ ਵਿਦਿਆਰਥੀ ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਆਸਟ੍ਰੇਲੀਆ 'ਚ ਦਾਖ਼ਲੇ ਲਈ ਇਕ ਟੈਸਟ ਦੇਣ ਅਪਣੀ ਮਾਂ ਗੁਰਮੀਤ ਕੌਰ ਨਾਲ ਤੇ ਆਸਟ੍ਰੇਲੀਆ ਤੋਂ ਪਿੰਡ ਨਮਾਦਾ ਆਈ ਅਪਣੀ ਚਾਚੀ ਅਮਨਦੀਪ ਕੌਰ ਨਾਲ 16 ਫਰਵਰੀ ਨੂੰ ਆਸਟ੍ਰੇਲੀਆ ਗਿਆ ਸੀ।
Photo
ਐਤਵਾਰ ਨੂੰ ਛੁੱਟੀ ਹੋਣ ਕਾਰਨ ਪਰਵਾਰ ਦੇ ਸਾਰੇ ਲੋਕ ਮੈਲਬੌਰਨ ਘੁੰਮਣ ਚਲੇ ਗਏ ਜਿੱਥੇ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ। ਚਚੇਰੇ ਭਰਾ ਬਲਕਾਰ ਸਿੰਘ ਨੇ ਦਸਿਆ ਕਿ ਇਸ਼ਪ੍ਰੀਤ ਸਿੰਘ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਅੰਤਮ ਸਸਕਾਰ ਲਈ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।