
ਕਿਹਾ, ਬੱਸ 11,000 ਡਾਲਰ ਦਾ ਚੈੱਕ ਲਿਖੋ, ਉਸ ਦੀ ਬਹੁਤੀ ਕੀਮਤ ਨਹੀਂ ਸੀ
ਨਿਊਯਾਰਕ: ਅਮਰੀਕਾ ’ਚ ਪੁਲਿਸ ਦੀ ਗੱਡੀ ਦੀ ਮਾਰ ’ਚ ਆਉਣ ਨਾਲ ਇਕ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਬਾਡੀ ਕੈਮਰਾ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਫੁਟੇਜ ’ਚ ਵਿਦਿਆਰਥਣ ਨੂੰ ਟੱਕਰ ਮਾਰਨ ਮਗਰੋਂ ਪੁਲਿਸ ਅਧਿਕਾਰੀ ਨੂੰ ਫੋਨ ਕਾਲ ’ਤੇ ਹੱਸਦੇ ਅਤੇ ਮਜ਼ਾਕ ਕਰਦੇ ਵੇਖਿਆ ਜਾ ਸਕਦਾ ਹੈ।
ਸਾਊਥ ਲੇਕ ਯੂਨੀਅਨ ਦੀ ਨੌਰਥ ਈਸਟਰਨ ਯੂਨੀਵਰਸਿਟੀ ਦੀ 23 ਵਰ੍ਹਿਆਂ ਦੀ ਵਿਦਿਆਰਥਣ ਜਾਹਨਵੀ ਕੰਡੂਲਾ ਨੂੰ 23 ਜਨਵਰੀ ਨੂੰ ਡੇਕਸਟਰ ਐਵੇਨਿਊ ਨਾਰਥ ਅਤੇ ਥਾਮਸ ਸਟਰੀਟ ਦੇ ਨੇੜੇ ਸੈਰ ਕਰਦੇ ਸਮੇਂ ਸਿਆਟਲ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿਤੀ ਸੀ।
KIRO7 ਨਿਊਜ਼ ਚੈਨਲ ਦੀ ਇਕ ਰੀਪੋਰਟ ਅਨੁਸਾਰ ਸੀਏਟਲ ਪੁਲਿਸ ਅਫਸਰ ਗਿਲਡ ਦੇ ਉਪ ਪ੍ਰਧਾਨ ਡੈਨੀਅਲ ਔਡਰਰ ਨੂੰ ਗੱਡੀ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਉਸ ਨੂੰ ਗਿਲਡ ਦੇ ਪ੍ਰਧਾਨ ਮਾਈਕ ਸੋਲਨ ਨਾਲ ਇਕ ਕਾਲ ’ਤੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘‘ਉਸ ਦਾ ਕੋਈ ਖਾਸ ਮੁੱਲ ਨਹੀਂ ਸੀ।’’
ਕੰਡੂਲਾ ਬਾਰੇ ਇਹ ਕਹਿਣ ਤੋਂ ਤੁਰਤ ਬਾਅਦ ਕਿ ‘ਉਹ ਮਰ ਗਈ ਹੈ’, ਔਡਰਰ ਹੱਸਦਾ ਹੈ ਅਤੇ ਕਹਿੰਦਾ ਹੈ, ‘‘ਇਹ ਕੋਈ ਆਮ ਹੈ।’’ ਫਿਰ ਉਹ ਕਹਿੰਦਾ ਹੈ, ‘‘ਬੱਸ 11,000 ਡਾਲਰ ਦਾ ਚੈੱਕ ਲਿਖੋ, ਵੈਸੇ ਵੀ ਉਹ 26 ਸਾਲ ਦੀ ਸੀ, ਉਸ ਦੀ ਬਹੁਤੀ ਕੀਮਤ ਨਹੀਂ ਸੀ।’’ ਔਡਰਰ ਨੇ ਇਹ ਵੀ ਦਸਿਆ ਕਿ ਡੇਵ 50 (ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਹ ਇਕ ਸਿਖਿਅਤ ਡਰਾਈਵਰ ਲਈ ਕਾਬੂ ਤੋਂ ਜ਼ਿਆਦਾ ਰਫ਼ਤਾਰ ਸੀ।
ਜੂਨ ’ਚ ਜਾਰੀ ਕੀਤੀ ਗਈ ਇਕ ਪੁਲਿਸ ਜਾਂਚ ’ਚ ਪਾਇਆ ਗਿਆ ਕਿ ਡੇਵ ਫ਼ੋਨ ’ਤੇ ਗੱਲ ਕਰਦਿਆਂ 74 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਉਸ ਨੇ ਕੰਡੂਲਾ ਨੂੰ ਟੱਕਰ ਮਾਰੀ, ਜੋ ਉਛਲ ਕੇ 100 ਫੁੱਟ ਤੋਂ ਵੱਧ ਦੂਰ ਡਿੱਗੀ।
ਐਸ.ਪੀ.ਡੀ. ਨੇ ਸੋਮਵਾਰ ਨੂੰ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਔਡਰਰ ਦੀ ਕਾਲ ਦਾ ਵੀਡੀਉ ਵਿਭਾਗ ਦੇ ਇਕ ਕਰਮਚਾਰੀ ਵਲੋਂ ਇਕ ਰੁਟੀਨ ਕਾਰਵਾਈ ਦੌਰਾਨ ਪਛਾਣਿਆ ਗਿਆ ਸੀ ਅਤੇ ਚੀਫ ਐਡਰੀਅਨ ਡਿਆਜ਼ ਨੂੰ ਦਿਤਾ ਗਿਆ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਹੁਕਮ ਤੋਂ ਬਾਅਦ, ਸਟਾਫ ਨੇ ਇਸ ਨੂੰ ਸਮੀਖਿਆ ਲਈ ਪੁਲਿਸ ਜਵਾਬਦੇਹੀ ਦਫਤਰ (ਓ.ਪੀ.ਏ.) ਕੋਲ ਭੇਜ ਦਿਤਾ। ਐਸ.ਪੀ.ਡੀ. ਨੇ ਕਿਹਾ ਕਿ ਉਸ ਨੇ ਵੀਡੀਉ ਪਾਰਦਰਸ਼ਤਾ ਦੇ ਹਿੱਤ ਜਾਰੀ ਕੀਤੀ ਹੈ ਅਤੇ ਜਦੋਂ ਤਕ ਓ.ਪੀ.ਏ. ਅਪਣੀ ਜਾਂਚ ਪੂਰੀ ਨਹੀਂ ਕਰ ਲੈਂਦਾ ਉਦੋਂ ਤਕ ਉਹ ਵੀਡੀਉ ’ਤੇ ਟਿਪਣੀ ਨਹੀਂ ਕਰੇਗਾ।
ਕੰਡੂਲਾ ਨੇ ਪਹਿਲੀ ਵਾਰ 2021 ’ਚ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਅਡੋਨੀ ਤੋਂ ਅਮਰੀਕਾ ਦੀ ਯਾਤਰਾ ਕੀਤੀ ਸੀ। ਉਸ ਦੇ ਰਿਸ਼ਤੇਦਾਰ, ਅਸ਼ੋਕ ਮੰਡੁਲਾ, ਜੋ ਟੈਕਸਾਸ ’ਚ ਰਹਿੰਦੇ ਹਨ, ਨੇ ਸੀਏਟਲ ਟਾਈਮਜ਼ ਨੂੰ ਦਸਿਆ: ਪਰਿਵਾਰ ਕੋਲ ਕਹਿਣ ਲਈ ਕੁਝ ਨਹੀਂ ਹੈ... ਸਿਵਾਏ ਇਸ ਤੋਂ ਇਲਾਵਾ ਕਿ ਮੈਂ ਹੈਰਾਨ ਹਾਂ ਕਿ ਕੀ ਉਨ੍ਹਾਂ ਦੀਆਂ ਧੀਆਂ ਜਾਂ ਪੋਤੀਆਂ ਦੀ ਕੋਈ ਕੀਮਤ ਹੈ। ਜੀਵਨ ਤਾਂ ਜੀਵਨ ਹੈ।