
ਵਿਦਿਅਕ ਸਾਲ 2022-23 'ਚ ਹੁਣ ਤੱਕ ਸਭ ਤੋਂ ਵੱਧ 2.68 ਲੱਖ ਵਿਦਿਆਰਥੀ ਅਮਰੀਕਾ ਗਏ
America News : ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 35 ਫੀ ਸਦੀ ਦਾ ਵਾਧਾ ਹੋਇਆ ਹੈ ਅਤੇ ਵਿਦਿਅਕ ਸਾਲ 2022-23 ਵਿਚ ਹੁਣ ਤਕ ਸਭ ਤੋਂ ਵੱਧ 2,68,923 ਵਿਦਿਆਰਥੀ ਅਮਰੀਕਾ ਗਏ ਹਨ। ਇਹ ਜਾਣਕਾਰੀ ਇਕ ਰਿਪੋਰਟ ’ਚ ਦਿਤੀ ਗਈ ਹੈ।
‘ਓਪਨ ਡੋਰ ਰੀਪੋਰਟ’ ਅਨੁਸਾਰ ਅਮਰੀਕਾ ’ਚ ਪੜ੍ਹ ਰਹੇ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ’ਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ 25 ਫੀ ਸਦੀ ਤੋਂ ਵੱਧ ਹੈ ਅਤੇ ਇਸ ਸਾਲ ਵੀ ਰੀਕਾਰਡ ਗਿਣਤੀ ’ਚ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਏ।
ਭਾਰਤ ’ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ, ‘‘ਭਾਰਤ ਨੇ ਕਰ ਵਿਖਾਇਆ! ਅਮਰੀਕਾ ’ਚ ਭਾਰਤੀ ਵਿਦਿਆਰਥੀ ਅਤੇ ਉਨ੍ਹਾਂ ਦੀ ਸਫਲਤਾ ’ਚ ਸਹਿਯੋਗ ਕਰਨ ਵਾਲੇ ਪਰਵਾਰ ਇਸ ਪ੍ਰਾਪਤੀ ਲਈ ਸਨਮਾਨ ਦੇ ਹੱਕਦਾਰ ਹਨ। ਵਿਦੇਸ਼ ’ਚ ਪੜ੍ਹਨ ਅਤੇ ਸੰਯੁਕਤ ਰਾਜ ਦੀ ਚੋਣ ਕਰਨ ਦਾ ਫੈਸਲਾ ਤੁਹਾਡੇ ਅਤੇ ਤੁਹਾਡੇ ਪਰਵਾਰਾਂ ਵਲੋਂ ਇਕ ਕੀਮਤੀ ਨਿਵੇਸ਼ ਨੂੰ ਦਰਸਾਉਂਦਾ ਹੈ।
ਤੁਸੀਂ ਦੋਹਾਂ ਦੇਸ਼ਾਂ ਨੂੰ ਨੇੜੇ ਲਿਆ ਰਹੇ ਹੋ ਅਤੇ ਸਾਨੂੰ ਉੱਜਵਲ ਭਵਿੱਖ ਵੱਲ ਲੈ ਜਾ ਰਹੇ ਹੋ।’’ ਗਾਰਸੇਟੀ ਨੇ ਕਿਹਾ, ‘‘ਅਸੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲੇ ਲਈ ਤਿਆਰ ਕਰਨ ਲਈ ਭਾਰਤੀ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕਰਦੇ ਹਾਂ। ਭਾਰਤ ਨੂੰ ਮੋਢੀ ਰਹਿੰਦਿਆਂ ਵੇਖਣ ਨੂੰ ਲੈ ਕੇ ਉਤਸੁਕ ਹਾਂ।’’‘ਓਪਨ ਡੋਰ ਰੀਪੋਰਟ’ ਦੇ ਅੰਕੜਿਆਂ ਅਨੁਸਾਰ, ਭਾਰਤ ਨੇ 2009-10 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਲਈ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਨ ਦੇ ਮਾਮਲੇ ’ਚ ਚੀਨ ਨੂੰ ਪਛਾੜ ਦਿਤਾ।
ਗ੍ਰੈਜੂਏਟ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 63 ਫੀ ਸਦੀ ਵਧ ਕੇ 1,65,936 ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਲਗਭਗ 64,000 ਵਿਦਿਆਰਥੀਆਂ ਦਾ ਵਾਧਾ ਹੋਇਆ ਹੈ, ਜਦਕਿ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਵੀ 16 ਫੀ ਸਦੀ ਦਾ ਵਾਧਾ ਹੋਇਆ ਹੈ।