
Ajmer Singh Musafar: ਵਿਸ਼ਵ ਭਾਈਚਾਰੇ ’ਚ ਪਿਆਰ ਅਤੇ ਸਦਭਾਵਨਾ ਨੂੰ ਪ੍ਰਚਾਰਨਾ ਹੋਵੇਗਾ ਮੁੱਖ ਟੀਚਾ
Ajmer Singh Musafar Appointed President of Vishwa Sikh Rajput Bhaichara Sabha England: ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਦੇ ਸਤਿਕਾਰਤ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹਰਭਜਨ ਸਿੰਘ ਰਾਜਪੂਤ ਦੇ ਸਪੁੱਤਰ ਅਜਮੇਰ ਸਿੰਘ ਮੁਸਾਫ਼ਰ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ (ਸੰਸਥਾ) ਇੰਗਲੈਂਡ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫ਼ਰ ਦੀ ਅਗਾਂਹਵਧੂ ਸੋਚ ਅਤੇ ਦੂਰ-ਦ੍ਰਿਸ਼ਟੀ ਨੂੰ ਦੇਖ ਕੇ ਇਹ ਫ਼ੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਅਪਣੀ ਸੋਚ ਤੇ ਅਗਵਾਈ ਨਾਲ ਅਜਮੇਰ ਸਿੰਘ ਮੁਸਾਫ਼ਰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਨੂੰ ਹੋਰ ਵੀ ਬੁਲੰਦੀਆਂ ਤਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਮੁਸਾਫ਼ਰ ਸਾਰੇ ਰਾਜਪੂਤ ਭਾਈਚਾਰੇ ਨੂੰ ਇਕ ਲੜੀ ਵਿਚ ਪਰੋ ਕੇ, ਅਪਣੇ ਸਭਿਆਚਾਰ ’ਤੇ ਮਾਣ ਕਰਨ ਦਾ ਸੁਪਨਾ ਲੈ ਕੇ ਅੱਗੇ ਆਏ ਹਨ।
ਵਿਸ਼ਵ ਭਾਈਚਾਰੇ ’ਚ ਪਿਆਰ ਅਤੇ ਸਦਭਾਵਨਾ ਨੂੰ ਪ੍ਰਚਾਰਨਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਗੁਰਮੇਲ ਸਿੰਘ ਪਹਿਲਵਾਨ ਨੇ ਅਪਣੀ ਗੱਲਬਾਤ ਜਾਰੀ ਰਖਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਆਸ ਹੈ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫ਼ਰ, ਰਾਜਪੂਤ ਭਾਈਚਾਰੇ ਵਿਚ ਏਕਤਾ, ਪਿਆਰ ਤੇ ਇਤਫ਼ਾਕ ਦੇ ਨਾਲ-ਨਾਲ ਸਾਡੇ ਮਹਾਨ ਵਿਰਸੇ ਨੂੰ ਵੀ ਨਵੀਆਂ ਬੁਲੰਦੀਆਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰਨਗੇ।