
ਲੁਧਿਆਣਾ ’ਚ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ’ਚ ਰਹਿਣ ਵਾਲਾ ਸੀ 46 ਸਾਲਾਂ ਦਾ ਹਰਪ੍ਰੀਤ ਸਿੰਘ
ਲੁਧਿਆਣਾ: ਇਟਲੀ ‘ਚ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਸੜਕੀ ਹਾਦਸੇ ’ਚ ਮੌਤ ਹੋ ਗਈ ਹੈ। ਲੁਧਿਆਣਾ ਦੀ ਰਾਏਕੋਟ ਤਹਿਸੀਲ ਦੇ ਪਿੰਡ ਅਕਾਲਗੜ੍ਹ ਖੁਰਦ ਨਾਲ ਸੰਬੰਧਿਤ ਹਰਪ੍ਰੀਤ ਸਿੰਘ ਪਿਛਲੇ 14 ਸਾਲਾਂ ਤੋਂ ਇਟਲੀ ਵਿਚ ਰਹਿੰਦਾ ਸੀ।
ਹਰਪ੍ਰੀਤ ਸਿੰਘ ਐਤਵਾਰ ਸ਼ਾਮ ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਸਾਈਕਲ ‘ਤੇ ਘਰ ਜਾ ਰਿਹਾ ਸੀ। ਕਥਿਤ ਤੌਰ ’ਤੇ ਇਕ ਸ਼ਰਾਬੀ ਕਾਰ ਡਰਾਈਵਰ ਔਰਤ ਨੇ ਹਰਪ੍ਰੀਤ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ । ਕਾਰ ਦੀ ਟੱਕਰ ਕਾਰਨ ਹਰਪ੍ਰੀਤ ਸਾਈਕਲ ਸਮੇਤ ਕਈ ਫੁੱਟ ਦੂਰ ਜਾ ਡਿੱਗਿਆ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਟਾਲੀਅਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਰਪ੍ਰੀਤ ਨੂੰ ਐਂਬੂਲੈਂਸ ’ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰੀ ਅਮਲੇ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਹਰਪ੍ਰੀਤ ਸਿੰਘ ਦਾ ਇਟਲੀ ਜਾਣ ਤੋਂ ਪਹਿਲਾਂ 2007 ’ਚ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਇਕ ਪੁੱਤਰ ਨੇ ਜਨਮ ਲਿਆ। ਪਰਵਾਰ ਦੇ ਰੌਸ਼ਨ ਭਵਿੱਖ ਲਈ ਪਿਤਾ ਅਮਰਜੀਤ ਸਿੰਘ ਨੇ 14 ਸਾਲ ਪਹਿਲਾਂ ਦੋ ਏਕੜ ਜ਼ਮੀਨ ਵੇਚ ਕੇ ਅਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਇਟਲੀ ਭੇਜ ਦਿਤਾ ਸੀ। ਇਟਲੀ ਦਾ ਪੱਕੀ ਵਸਨੀਕ ਬਣਨ ਤੋਂ ਬਾਅਦ ਹਰਪ੍ਰੀਤ ਨੇ ਅਪਣੀ ਪਤਨੀ ਅਤੇ ਬੇਟੇ ਨੂੰ ਵੀ ਬੁਲਾ ਲਿਆ ਸੀ। 25 ਦਿਨ ਪਹਿਲਾਂ ਹਰਪ੍ਰੀਤ ਦੀ ਪਤਨੀ ਅਪਣੇ ਲੜਕੇ ਨੂੰ ਇਲਾਜ ਲਈ ਪਿੰਡ ਲੈ ਕੇ ਆਈ ਸੀ। ਉਸ ਨੇ 23 ਜੁਲਾਈ ਨੂੰ ਇਟਲੀ ਪਰਤਣਾ ਸੀ। ਹਰਪ੍ਰੀਤ ਦੀ ਮੌਤ ਦੀ ਖਬਰ ਐਤਵਾਰ ਦੇਰ ਰਾਤ ਨੂੰ ਆਈ ਅਤੇ ਘਰ ‘ਚ ਹਫੜਾ-ਦਫੜੀ ਮਚ ਗਈ। ਸੋਮਵਾਰ ਸਵੇਰ ਤਕ ਹਰਪ੍ਰੀਤ ਦੀ ਮੌਤ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਪਰਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਹਰਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।