
ਬੱਚਿਆਂ ਦੀ ਮੌਤ ਦੇ ਕਾਰਨ ਦਾ ਨਹੀਂ ਹੋਇਆ ਖੁਲਾਸਾ
Indian-Origin Family: ਨਿਊਯਾਰਕ - ਭਾਰਤੀ ਮੂਲ ਦੇ ਸਾਬਕਾ ਮੈਟਾ ਸਾਫਟਵੇਅਰ ਇੰਜੀਨੀਅਰ ਆਨੰਦ ਹੈਨਰੀ 'ਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਕਤਲ-ਖੁਦਕੁਸ਼ੀ ਦੇ ਮਾਮਲੇ 'ਚ ਆਪਣੀ ਪਤਨੀ ਅਤੇ ਜੁੜਵਾਂ ਪੁੱਤਰਾਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰਨ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੈਨ ਮੈਟੀਓ ਪੁਲਿਸ ਵਿਭਾਗ ਮੁਤਾਬਕ ਹੈਨਰੀ (37) ਅਤੇ ਉਸ ਦੀ ਪਤਨੀ ਐਲਿਸ ਬੈਂਜ਼ੀਗਰ (36) ਸੋਮਵਾਰ ਸਵੇਰੇ ਅਲਾਮੇਡਾ ਡੀ ਲਾਸ ਪੁਲਗਾਸ ਵਿਚ ਆਪਣੇ ਘਰ ਦੇ ਟਾਇਲਟ ਵਿਚ ਮ੍ਰਿਤਕ ਪਾਏ ਗਏ। ਹੈਨਰੀ ਦੇ ਨਾਮ 'ਤੇ ਰਜਿਸਟਰਡ 9 ਐਮਐਮ ਹੈਂਡਗੰਨ ਉਸ ਦੀ ਲਾਸ਼ ਦੇ ਨਾਲ ਟਾਇਲਟ ਫਰਸ਼ 'ਤੇ ਪਈ ਮਿਲੀ।
ਪੁਲਿਸ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਾਡੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬੈਂਜੀਗਰ ਨੂੰ ਕਈ ਗੋਲੀਆਂ ਲੱਗੀਆਂ ਜਦਕਿ ਹੈਨਰੀ ਨੂੰ ਇਕ ਗੋਲੀ ਲੱਗੀ। ਇਸ ਦੌਰਾਨ ਚਾਰ ਸਾਲ ਦੇ ਜੁੜਵਾਂ ਬੱਚਿਆਂ ਦੀ ਗੋਲੀ ਲੱਗਣ ਨਾਲ ਮੌਤ ਨਹੀਂ ਹੋਈ। ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਸਰੀਰ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ ਅਤੇ ਅਧਿਕਾਰੀਆਂ ਨੂੰ ਅਜੇ ਤੱਕ ਉਹਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਦਾ ਦੋਸ਼ ਹੈ ਕਿ ਹੈਨਰੀ ਚਾਰਾਂ ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਸੀ। ਆਪਣੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਹੈਨਰੀ ਨੇ ਮੈਟਾ ਵਿਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕੀਤਾ ਅਤੇ ਪਹਿਲਾਂ ਗੂਗਲ ਲਈ ਉਸੇ ਭੂਮਿਕਾ ਵਿਚ ਕੰਮ ਕੀਤਾ ਸੀ। ਲਾਸ ਏਂਜਲਸ ਟਾਈਮਜ਼ ਦੀ ਖ਼ਬਰ ਮੁਤਾਬਕ ਮੇਟਾ ਨੇ ਤੁਰੰਤ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ। ਕੇਰਲ ਦੇ ਰਹਿਣ ਵਾਲੇ ਇਸ ਜੋੜੇ ਨੇ ਪਿਟਸਬਰਗ ਦੀ ਕਾਰਨੇਗੀ ਮੇਲਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।