ਲਗਭਗ 50 ਹਜ਼ਾਰ ਪਾਊਂਡ ਦੀ ਰਕਮ ਅਪਣੇ ਕਰਜ਼ ਦੇ ਭੁਗਤਾਨ ਲਈ ਕੀਤੀ ਚੋਰੀ
ਲੰਡਨ: ਕਰਜ਼ੇ ਦੇ ਬੋਝ ਹੇਠ ਦੱਬੀ ਸਿੱਖ ਯੂਥ ਯੂ.ਕੇ. ਸੰਸਥਾ ਦੀ ਮਾਲਕ ਨੇ ਲੋਕਾਂ ਦੇ ਦਾਨ ਕੀਤੇ ਪੈਸੇ ਹੀ ਅਪਣਾ ਕਰਜ਼ਾ ਉਤਾਰਨ ਲਈ ਵਰਤ ਲਏ। 55 ਸਾਲ ਦੀ ਰਾਜਬਿੰਦਰ ਕੌਰ ਸਿੱਖ ਯੂਥ ਯੂ.ਕੇ. ਦਾ ਕੰਮਕਾਜ ਚਲਾਉਂਦੀ ਸੀ, ਜਿਸ ਦਾ ਉਦੇਸ਼ ਔਖੇ ਵੇਲੇ ’ਚ ਸਿੱਖ ਨੌਜੁਆਨਾਂ ਦੀ ਮਦਦ ਕਰਨਾ, ਉਨ੍ਹਾਂ ਨਾਲ ਕਿਸੇ ਧੱਕੇਸ਼ਾਹੀ ਅਤੇ ਨਸ਼ਿਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ।
ਪਰ ਇਸ ਸਾਬਕਾ ਬੈਂਕ ਮੁਲਾਜ਼ਮ ਨੇ ਸੰਸਥਾ ਨੂੰ ਦਾਨ ’ਚ ਮਿਲੇ ਲਗਭਗ 50,000 ਪੌਂਡ ਦੀ ਰਕਮ ਅਪਣੇ ਖਾਤੇ ’ਚ ਜਮ੍ਹਾਂ ਕਰਵਾ ਲਈ ਅਤੇ ਅਪਣੇ ਨਿੱਜੀ ਕਰਜ਼ੇ ਅਦਾ ਕੀਤੇ। ਇਹੀ ਨਹੀਂ ਉਸ ਨੇ ਇਹ ਰਕਮ ਅਪਣੇ ਰਿਸ਼ਤੇਦਾਰਾਂ ਸਮੇਤ ਹੋਰਨਾਂ ਨੂੰ ਭੇਜੀ। ਅੱਜ, ਬਰਮਿੰਘਮ ਕ੍ਰਾਊਨ ਕੋਰਟ ਨੇ ਸੋਮਵਾਰ, 16 ਸਤੰਬਰ, ਉਸ ਨੂੰ ਚੋਰੀ ਦੇ ਛੇ ਦੋਸ਼ਾਂ ਅਤੇ ਚੈਰਿਟੀ ਕਮਿਸ਼ਨ ਨੂੰ ਝੂਠੀ ਜਾਂ ਗੁਮਰਾਹਕੁੰਨ ਜਾਣਕਾਰੀ ਪ੍ਰਦਾਨ ਕਰ ਕੇ ਅਪਣੀ ਚੋਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਉਸ ਦੇ ਭਰਾ ਕੁਲਦੀਪ ਸਿੰਘ ਲੇਹਲ (43) ਨੂੰ ਵੀ ਚੈਰਿਟੀ ਕਮਿਸ਼ਨ ਨੂੰ ਜਾਣਬੁਝ ਕੇ ਜਾਂ ਲਾਪਰਵਾਹੀ ਨਾਲ ਗਲਤ ਜਾਂ ਗੁਮਰਾਹਕੁੰਨ ਜਾਣਕਾਰੀ ਦੇਣ ਦਾ ਦੋਸ਼ੀ ਠਹਿਰਾਇਆ। ਦੋਵੇਂ ਹੈਮਸਟੇਡ ਰੋਡ ’ਤੇ ਰਹਿੰਦੇ ਸਨ। ਸਿੱਖ ਯੂਥ ਯੂ.ਕੇ. ਦੀ ਸਥਾਪਨਾ 2016 ’ਚ ਕੀਤੀ ਗਈ ਸੀ ਅਤੇ 2018 ’ਚ ਇਕ ਸਪਾਂਸਰ ਵਿੰਟਰ ਸਲੀਪਆਊਟ ਅਤੇ ਇਕ ਫੁੱਟਬਾਲ ਟੂਰਨਾਮੈਂਟ ਸਮੇਤ ਫੰਡ ਇਕੱਠਾ ਕਰਨ ਦੇ ਸਮਾਗਮਾਂ ਤੋਂ ਦਾਨ ਪ੍ਰਾਪਤ ਹੋਇਆ ਸੀ।
ਵੈਸਟ ਮਿਡਲੈਂਡਜ਼ ਪੁਲਿਸ ਨੇ ਦਸਿਆ ਕਿ ਰਾਜਬਿੰਦਰ ਕੌਰ ਦੇ 50 ਤੋਂ ਵੱਧ ਨਿੱਜੀ ਬੈਂਕ ਖਾਤੇ ਸਨ ਅਤੇ ਇਸ ਨਾਲ ਚੋਰੀ ਕੀਤੇ ਪੈਸੇ ਦੇ ਪ੍ਰਵਾਹ ਦਾ ਪਤਾ ਲਗਾਉਣਾ ਜਿੰਨਾ ਸੰਭਵ ਹੋ ਸਕੇ ਮੁਸ਼ਕਲ ਹੋ ਗਿਆ ਸੀ। ਸਿੱਖ ਯੂਥ ਯੂ.ਕੇ. ਨੂੰ ਰਜਿਸਟਰਡ ਚੈਰਿਟੀ ਬਣਨ ਲਈ 2016 ’ਚ ਚੈਰਿਟੀ ਕਮਿਸ਼ਨ ਨੂੰ ਇਕ ਅਰਜ਼ੀ ਦਿਤੀ ਗਈ ਸੀ।
ਪਰ ਜਦੋਂ ਕਮਿਸ਼ਨ ਨੇ ਹੋਰ ਜਾਣਕਾਰੀ ਮੰਗੀ ਤਾਂ ਕੋਈ ਵੇਰਵਾ ਨਹੀਂ ਦਿਤਾ ਗਿਆ ਇਸ ਲਈ ਅਰਜ਼ੀ ਬੰਦ ਕਰ ਦਿਤੀ ਗਈ। ਦੋਹਾਂ ਭੈਣ-ਭਰਾਵਾਂ ਨੂੰ ਸ਼ੁਰੂ ’ਚ ਜੁਲਾਈ 2019 ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਤੰਬਰ 2019 ’ਚ ਦੋਸ਼ ਲਾਇਆ ਗਿਆ ਸੀ।
ਰਾਜਬਿੰਦਰ ਕੌਰ ਨੂੰ ‘ਭਿਆਨਕ ਕਰਜ਼ੇ’ ਵਿਚ ਪਾਇਆ ਗਿਆ ਅਤੇ ਉਸ ਨੇ ਦਾਨ ਕੀਤੇ ਫੰਡਾਂ ਦੀ ਵਰਤੋਂ ਸਕਾਈ ਟੀ.ਵੀ. ਅਤੇ ਸੇਵਰਨ ਟ੍ਰੈਂਟ ਸਮੇਤ ਅਪਣੇ ਬਿਲਾਂ ਦਾ ਭੁਗਤਾਨ ਕਰਨ ਲਈ ਕੀਤੀ ਸੀ। ਉਸ ਨੇ ਚੋਰੀ ਕੀਤੇ ਪੈਸੇ ਨਾਲ ਕੰਸਰਟ ਦੀਆਂ ਟਿਕਟਾਂ, ਕੱਪੜੇ, ਪੋਸਟਕੋਡ ਲਾਟਰੀ ਅਤੇ ਟੇਸਕੋ ਤੋਂ ਸਾਮਾਨ ਖਰੀਦਿਆ।
ਬਰਮਿੰਘਮ ਕ੍ਰਾਊਨ ਕੋਰਟ ਵਿਚ ਸੁਣਵਾਈ ਤੋਂ ਬਾਅਦ ਰਾਜਬਿੰਦਰ ਕੌਰ ਨੂੰ 47,927.61 ਪੌਂਡ ਦੀ ਚੋਰੀ, ਕਾਲੇ ਧਨ ਨੂੰ ਚਿੱਟਾ ਕਰਨ, ਚੈਰਿਟੀਜ਼ ਐਕਟ 2011 ਦੀ ਧਾਰਾ 60 ਦੇ ਤਹਿਤ ਚੈਰਿਟੀ ਕਮਿਸ਼ਨ ਨੂੰ ਜਾਣਬੁਝ ਕੇ ਜਾਂ ਲਾਪਰਵਾਹੀ ਨਾਲ ਗਲਤ ਜਾਂ ਗੁਮਰਾਹਕੁੰਨ ਜਾਣਕਾਰੀ ਦੇਣ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਵੈਸਟ ਮਿਡਲੈਂਡਜ਼ ਪੁਲਿਸ ਦੇ ਸੁਪਟ ਐਨੀ ਮਿਲਰ ਨੇ ਕਿਹਾ, ‘‘ਰਾਜਬਿੰਦਰ ਕੌਰ ਨੇ ਬੈਂਕ ’ਚ ਕੰਮ ਕਰਨ ਦੇ ਬਾਵਜੂਦ ਅਪਣੇ ਆਪ ਨੂੰ ਵਿੱਤੀ ਮਾਮਲਿਆਂ ਬਾਰੇ ਭੋਲੇ ਵਿਅਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸਿੱਖ ਯੂਥ ਯੂ.ਕੇ. ਸਪੱਸ਼ਟ ਤੌਰ ’ਤੇ ਉਸ ਦੀ ਜੀਵਨਸ਼ੈਲੀ ਨੂੰ ਫੰਡ ਦੇਣ ਅਤੇ ਉਸ ਦੇ ਕਰਜ਼ਿਆਂ ਦਾ ਭੁਗਤਾਨ ਕਰਨ ਦਾ ਇਕ ਸਾਧਨ ਸੀ।’’
ਉਨ੍ਹਾਂ ਕਿਹਾ, ‘‘ਪਰ ਸਰਲ ਸ਼ਬਦਾਂ ’ਚ, ਰਾਜਬਿੰਦਰ ਕੌਰ ਵੱਡੀ ਮਾਤਰਾ ’ਚ ਪੈਸੇ ਚੋਰੀ ਕਰ ਰਹੀ ਸੀ ਜੋ ਸਥਾਨਕ ਲੋਕਾਂ ਵਲੋਂ ਚੰਗੇ ਕੰਮਾਂ ਲਈ ਦਾਨ ਕੀਤੇ ਗਏ ਸਨ। ਇਹ ਧੋਖਾਧੜੀ ਦੀ ਬਹੁਤ ਲੰਬੀ ਅਤੇ ਗੁੰਝਲਦਾਰ ਜਾਂਚ ਰਹੀ ਹੈ ਅਤੇ ਅਸੀਂ ਇਸ ਜੋੜੀ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਚੈਰਿਟੀ ਕਮਿਸ਼ਨ ਨਾਲ ਮਿਲ ਕੇ ਕੰਮ ਕੀਤਾ ਹੈ।’’