
ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਰਹਿਣ ਵਾਲਾ ਸੀ ਮ੍ਰਿਤਕ
ਵਿਦੇਸ਼ਾਂ ਵਿਚ ਹਰ ਰੋਜ਼ ਪੰਜਾਬੀਆਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਹੀ ਇਕ ਹੋਰ ਖਬਰ ਇਟਲੀ ਤੋਂ ਸਾਹਮਣੇ ਆਈ ਹੈ। ਇਥੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਖੇਤਾਂ ’ਚ ਕੰਮ ਕਰ ਰਹੇ ਪੰਜਾਬੀ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਮਨਿੰਦਰ ਸਿੰਘ ਬੱਲ ਨੇ ਦੱਸਿਆ ਕਿ ਮਨਜਿੰਦਰ ਇਕੱਲਾ ਹੀ ਖੇਤਾਂ ’ਚ ਵਾਹੀ ਕਰ ਰਿਹਾ ਸੀ ਤੇ ਉਹ ਆਪਣੇ ਹੋਰ ਸਾਥੀਆਂ ਨਾਲ ਦੁਪਹਿਰ ਵੇਲੇ ਕੰਮ ਛੱਡ ਕੇ ਥੋੜ੍ਹੀ ਦੂਰ ਖੇਤਾਂ ’ਚ ਆਰਾਮ ਕਰਨ ਚਲਾ ਗਿਆ ਸੀ।
ਉਨ੍ਹਾਂ ਨੂੰ ਖੇਤ ਦੇ ਮਾਲਕ ਨੇ ਫੋਨ ’ਤੇ ਦੱਸਿਆ ਕਿ ਮਨਜਿੰਦਰ ਸਿੰਘ ਰਿੰਪਾ ਨਾਲ ਹਾਦਸਾ ਵਾਪਰ ਗਿਆ ਹੈ। ਮਨਜਿੰਦਰ ਸਿੰਘ ਪਰਿਵਾਰ ਨਾਲ ਇਟਲੀ ਰਹਿੰਦਾ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।