
ਸਿਹਤ ਵਿਗੜਨ ਕਾਰਨ ਨਿਊਫਾਊਂਡਲੈਂਡ 'ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ
Punjabi woman dies on Canada flight: ਕੈਨੇਡਾ 'ਚ ਆਏ ਹੋਏ ਵਿਦਿਆਰਥੀਆਂ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਹ ਸੈਟਲ ਹੋ ਕੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾਉਣ ਅਤੇ 'ਕੈਨੇਡਾ' ਦੀ ਸੈਰ ਕਰਵਾਉਣ। ਕਈਆਂ ਦੇ ਸੁਫ਼ਨੇ ਪੂਰੇ ਵੀ ਹੁੰਦੇ ਹਨ ਪਰ ਕਈਆਂ ਦੇ ਸੁਫ਼ਨੇ ਪੂਰੇ ਹੋਣ ਹੀ ਵਾਲੇ ਹੁੰਦੇ ਹਨ ਕਿ ਕੋਈ ਅੜਚਣ ਆ ਜਾਂਦੀ ਹੈ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਜਿੱਥੇ ਇੱਕ ਮਾਂ ਜਿਸ ਨੇ ਆਪਣੀ ਧੀ ਨੂੰ 4 ਸਾਲਾਂ ਬਾਅਦ ਮਿਲਣਾ ਸੀ, ਇੰਨੇ ਚਾਵਾਂ ਨਾਲ ਉਹ ਪੰਜਾਬ ਤੋਂ ਆਪਣੀ ਧੀ ਨੂੰ ਮਿਲਣ ਲਈ ਤੁਰੀ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੇ ਆਪਣੀ ਧੀ, ਪਤੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਦੀ ਨਹੀਂ ਮਿਲ ਪਾਉਣਾ।
ਦਰਅਸਲ ਜਲੰਧਰ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਲ ਫ਼ਲਾਈਟ 'ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ।
ਦਰਅਸਲ ਪਰਮਜੀਤ ਕੌਰ 12 ਮਾਰਚ, 2025 ਨੂੰ ਦਿੱਲੀ ਤੋਂ ਏਅਰ ਕੈਨੇਡਾ ਦੀ ਫ਼ਲਾਈਟ 'ਚ ਸਵਾਰ ਹੋ ਕੇ ਆਪਣੀ ਧੀ ਪ੍ਰਿਆ ਗਿੱਲ ਅਤੇ ਜਵਾਈ ਜਸਵਿੰਦਰ ਸਿੰਘ ਨੂੰ ਮਿਲਣ ਲਈ ਕੈਨੇਡਾ ਆ ਰਹੀ ਸੀ। ਉਹ 4 ਸਾਲਾਂ ਬਾਅਦ ਆਪਣੀ ਧੀ ਨੂੰ ਦੇਖਣ ਲਈ ਕੈਨੇਡਾ ਜਾ ਰਹੀ ਸੀ ਪਰ ਫ਼ਲਾਈਟ 'ਚ ਉਸ ਦੀ ਸਿਹਤ ਖ਼ਰਾਬ ਹੋ ਗਈ। ਜਿਸ ਕਾਰਨ ਦਿੱਲੀ ਤੋਂ ਟੋਰਾਂਟੋ ਦੀ ਫ਼ਲਾਈਟ ਦੀ ਮੈਡੀਕਲ ਐਮਰਜੈਂਸੀ ਕਾਰਨ ਨਿਊਫਾਊਂਡਲੈਂਡ 'ਚ ਐਮਰਜੈਂਸੀ ਲੈਂਡਿੰਗ ਕੀਤੀ ਗਈ।
ਇਸ ਸਾਰੀ ਘਟਨਾ ਦੀ ਜਾਣਕਾਰੀ ਗੋ-ਫੰਡ ਮੀ ਉੱਪਰ ਸਾਹਿਲ ਸਹਾਰਨ ਵੱਲੋਂ ਦਿੱਤੀ ਗਈ ਹੈ ਜੋ ਕਿ ਜਸਵਿੰਦਰ ਸਿੰਘ ਅਤੇ ਪ੍ਰਿਆ ਗਿੱਲ ਦਾ ਦੋਸਤ ਹੈ। ਸਾਹਿਲ ਨੇ ਦੱਸਿਆ ਕਿ ਪ੍ਰਿਆ ਦੀ ਮਾਂ ਦੀ ਮ੍ਰਿਤਕ ਦੇਹ ਨਿਊਫਾਊਂਡਲੈਂਡ 'ਚ ਹੀ ਹੈ।
ਇਸ ਲਈ ਪਰਮਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਨਿਊਫਾਊਂਡਲੈਂਡ ਤੋਂ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪਰਿਵਾਰਕ ਮੈਂਬਰ ਅਖ਼ੀਰਲੀ ਵਾਰ ਉਨ੍ਹਾਂ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾ ਸਕਣ।