
2017 ਵਿਚ ਇਹ ਗਿਣਤੀ ਵਧ ਕੇ ਹੋ ਗਈ ਸੀ 232
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਨੇ ਪਿਛਲੇ ਸਾਲ 19 ਮਾਰਚ ਤੋਂ ਵਿਦੇਸ਼ੀ ਲੋਕਾਂ ਲਈ ਅਪਣੇ ਬਾਰਡਰ ਬੰਦ ਕੀਤੇ ਹੋਏ ਹਨ। ਇਥੇ ਸਿਰਫ ਦੇਸ਼ ਦੇ ਨਾਗਰਿਕ, ਪੱਕੇ ਵਸਨੀਕ ਜਾਂ ਜਿਨ੍ਹਾਂ ਦੀ ਇਥੇ ਬਹੁਤ ਲੋੜ ਹੈ ਜਾਂ ਇਨਸਾਨੀਅਤ ਦੇ ਨਾਤੇ ਜ਼ਰੂਰੀ ਲੋਕਾਂ ਨੂੰ ਹੀ ਆਗਿਆ ਦਿਤੀ ਜਾਂਦੀ ਰਹੀ ਹੈ। ਇਸ ਦਰਮਿਆਨ ਜਿੱਥੇ ਕਾਨੂਨੀ ਹੱਕ ਰੱਖਣ ਵਾਲੇ ਆ ਸਕਦੇ ਸਨ ਉਥੇ ਦੇਸ਼ ਵਿਚ ਗ਼ੈਰ ਕਾਨੂੰਨੀ ਰਹਿ ਰਹੇ ਜਾਂ ਅਪਣਾ ਰਹਿਣ ਦਾ ਹੱਕ ਗਵਾ ਚੁੱਕੇ ਲੋਕਾਂ ਨੂੰ ਨਿਊਜ਼ੀਲੈਂਡ ਨੇ ਵਾਪਸ ਚਲੇ ਜਾਣ ਲਈ ਹੁਕਮ ਜਾਰੀ ਕੀਤੇ ਸਨ।
ਕੋਰੋਨਾ ਕਾਰਨ ਇਹ ਗਿਣਤੀ ਬਾਕੀ ਸਾਲਾਂ ਦੇ ਮੁਕਾਬਲੇ ਭਾਵੇਂ ਘੱਟ ਰਹੀ ਪਰ ਇਮੀਗ੍ਰੇਸ਼ਨ ਅਜਿਹਾ ਕੰਮ ਕਰਦੀ ਰਹੀ ਹੈ। ਭਾਰਤੀ ਲੋਕਾਂ ਦੀ ਗੱਲ ਕਰੀਏ ਤਾਂ ਸਾਲ 2020 ਦੇ ਵਿਚ ਸਿਰਫ 41 ਲੋਕਾਂ ਨੂੰ ਡਿਪੋਰਟੇਸ਼ਨ (ਵਾਪਸ ਭਾਰਤ ਪਰਤਣ) ਦੇ ਹੁਕਮ ਮਿਲੇ ਸਨ। ਇਹ ਗਿਣਤੀ ਹੁਣ ਤਕ ਦੀ ਸੱਭ ਤੋਂ ਘੱਟ ਗਿਣਤੀ ਰਹੀ ਹੈ ਜਦ ਕਿ ਤਿੰਨ ਸਾਲ ਪਹਿਲਾਂ ਇਹ ਗਿਣਤੀ 232 ਸੀ। ਪੂਰੇ ਦੇਸ਼ ਦੇ ’ਚੋਂ ਕੁੱਲ ਡਿਪੋਰਟੇਸ਼ਨ ਹੁਕਮਾਂ ਦੀ ਗੱਲ ਕਰੀਏ ਤਾਂ ਇਹ ਸਾਲ 2020 ਦੇ ਵਿਚ 226 ਸੀ ਜਿਸ ਅਨੁਸਾਰ ਭਾਰਤੀਆਂ ਗਿਣਤੀ 18 ਫ਼ੀ ਸਦੀ ਰਹੀ ਹੈ।