
ਉਨ੍ਹਾਂ 2019 ਅਤੇ 2020 ਵਿਚ ਚੰਡੀਗੜ੍ਹ ਵਿਖੇ ਹੋਈ ਮੈਰਾਥਾਨ ਵਿਚ ਵੀ ਹਿੱਸਾ ਲਿਆ ਸੀ
ਫਰਿਜ਼ਨੋ : ਬੀਤੇ ਐਤਵਾਰ ਫਰਿਜ਼ਨੋ ਦੇ ਵੁਡਵਰਡ ਪਾਰਕ ਵਿਚ ਪਿਤਾ ਦਿਵਸ ਮੌਕੇ 10ਕੇ ਰਨ ਦੌੜ ਕੈਲੀਫੋਰਨੀਆ ਕਲਾਸਿਕ ਈਵੈਂਟ ਵੱਲੋਂ ਕਰਵਾਈ ਗਈ। ਇਸ ਦੌੜ ਵਿਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਇਹ ਦੌੜ 10 ਕਿਲੋਮੀਟਰ ਲੰਮੀ ਸੀ ਅਤੇ ਇਸ ਦੌੜ ਵਿਚ 60 ਤੋਂ 69 ਸਾਲ ਵਰਗ ’ਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (67) ਨੇ ਤੀਜਾ ਸਥਾਨ ਹਾਸਲ ਕੀਤਾ ਜਿਸ ਨਾਲ ਉੱਥੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਸਿਰ ਉੱਚਾ ਕਰ ਦਿੱਤਾ। ਹਰਭਜਨ ਸਿੰਘ ਰੰਧਾਵਾ ਪੰਜਾਬ ਤੋਂ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਾਲੋਨੀ, ਏ ਬਲਾਕ ਦੇ ਰਹਿਣ ਵਾਲੇ ਹਨ।
ਉਨ੍ਹਾਂ 2019 ਅਤੇ 2020 ਵਿਚ ਚੰਡੀਗੜ੍ਹ ਵਿਖੇ ਹੋਈ ਮੈਰਾਥਾਨ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਮਰਚਿੰਡ ਨੇਵੀ ਵਿਚ ਵੀ ਬਤੌਰ ਇੰਜੀਨੀਅਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਹਾਰਟ ਦੀ ਸਮੱਸਿਆ ਹੋਣ ਕਰਕੇ ਦੋ ਸਟੰਟ ਵੀ ਪੈ ਚੁੱਕੇ ਹਨ ਪਰ ਉਨ੍ਹਾਂ ਦਿਲ ਦੀ ਬੀਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸਗੋਂ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਕਸਰਤ ਕਰਦੇ ਹਨ ਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ।