
ਸਿੱਖ ਧਰਮ ਇਕ ਵਿਲੱਖਣ ਧਰਮ ਹੈ ਅਤੇ ਇਸ ਦੀ ਪਛਾਣ ਵੀ ਵਿਲ਼ੱਖਣ ਹੈ।
ਚੰਡੀਗੜ੍ਹ: ਸਿੱਖ ਧਰਮ ਇਕ ਵਿਲੱਖਣ ਧਰਮ ਹੈ ਅਤੇ ਇਸ ਦੀ ਪਛਾਣ ਵੀ ਵਿਲ਼ੱਖਣ ਹੈ। ਗੁਰੂ ਨਾਨਕ ਦੇਵ ਜੀ ਦੇ ਸਰਵਵਿਆਪੀ ਮਨੁੱਖਤਾ ਅਤੇ ਬਰਾਬਰੀ ਦੇ ਸੰਦੇਸ਼ ਨੇ ਜਾਤ, ਧਰਮ ਅਤੇ ਕਈ ਖੇਤਰੀ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ। ਪੁਰੀ ਦੁਨੀਆ ਵਿਚ ਵਸਦੇ ਵੱਖ-ਵੱਖ ਧਰਮਾਂ ਦੇ ਲੋਕ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਸਿੱਖੀ ਦੇ ਰੰਗ ਵਿਚ ਰੰਗ ਰਹੇ ਹਨ।
ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਗਏ ਸਿੱਖੀ ਦੇ ਮੁੱਢਲੇ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਪੂਰੀ ਦੁਨੀਆ ਵਿਚ ਅਪਣਾਇਆ ਜਾ ਰਿਹਾ ਹੈ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਿੱਖਿਆ ਦਾ ਤਬਦੀਲ ਰੂਪ ਹੈ। ਸਿੱਖ ਦਾ ਅਰਥ ਹੈ ਸਿੱਖਣ ਵਾਲਾ ਜਾਂ ਸਿੱਖਿਆ ਲੈਣ ਵਾਲਾ। ਸਿੱਖ ਧਰਮ ਦੀ ਸ਼ੁਰੂਆਤ 1500 ਦੇ ਸਮੇਂ ਦੌਰਾਨ ਅਜੋਕੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿਚ ਹੋਈ ਸੀ।
ਇਹ ਧਰਮ ਇਕ ਏਕਾਧਿਕਾਰੀ ਧਰਮ ਹੈ ਜੋ ਦੂਜਿਆਂ ਨਾਲ ਬਰਾਬਰ ਵਰਤਾਓ ਕਰਨ ਦੀ ਸਿੱਖਿਆ ਦਿੰਦਾ ਹੈ। ਸਿੱਖ ਧਰਮ ਦੀ ਸ਼ੁਰੂਆਤ ਭਾਰਤ ਵਿਚ ਹੋਈ ਹੈ ਅਤੇ ਭਾਰਤ ਵਿਚ ਸਭ ਤੋਂ ਵੱਧ ਸਿੱਖ ਆਬਾਦੀ ਹੈ, ਲਗਭਗ 22 ਮਿਲੀਅਨ ਸਿੱਖ ਭਾਰਤ ਵਿਚ ਰਹਿੰਦੇ ਹਨ ਪਰ ਫਿਰ ਵੀ ਸਿੱਖ ਭਾਰਤ ਵਿਚ ਘੱਟ ਗਿਣਤੀ ਹਨ। ਦੁਨੀਆਂ ਵਿਚ ਸਭ ਤੋਂ ਜ਼ਿਆਦਾ 90 ਫੀਸਦੀ ਸਿੱਖ ਭਾਰਤ ਵਿਚ ਰਹਿੰਦੇ ਹਨ।
ਭਾਰਤ ਤੋਂ ਬਾਅਦ ਕੇਨੈਡਾ ਵਿਚ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਸਿੱਖ ਆਬਾਦੀ ਵਸਦੀ ਹੈ ਇੱਥੇ 468,670 ਸਿੱਖ ਰਹਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਇਕ ਅਜਿਹਾ ਸੂਬਾ ਹੈ ਜੋ ਸਭ ਤੋਂ ਵੱਧ ਸਿੱਖ ਆਬਾਦੀ ਵਾਲਾ ਹੈ। ਕੈਨੇਡਾ ਵਿਚ ਸਿੱਖ ਇਮੀਗ੍ਰੇਸ਼ਨ ਦੀ ਸ਼ੁਰੂਆਤ 1897 ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਇਕ ਮੇਜਰ ਨਾਲ ਹੋਈ ਸੀ।
ਵਿਸ਼ਵ ਵਿਚ ਤੀਜੀ ਸਭ ਤੋਂ ਵੱਡੀ ਸਿੱਖ ਆਬਾਦੀ ਬ੍ਰਿਟੇਨ ਵਿਚ 342,429 ਗਿਣਤੀ ‘ਚ ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਇੰਗਲੈਂਡ ਵਿਚ ਰਹਿੰਦੇ ਹਨ। ਬ੍ਰਿਟੇਨ ਵਿਚ ਇਮੀਗ੍ਰੇਸ਼ਨ 1849 ਵਿਚ ਸ਼ੁਰੂ ਹੋਈ ਸੀ ਜਦੋਂ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦੀਪ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ ਗੁਲਾਮ ਬਣਾਇਆ ਸੀ।
ਹੋਰ ਦੇਸ਼ ਜਿਨ੍ਹਾਂ ਵਿਚ ਵੀ ਸਿੱਖ ਵੱਡੀ ਗਿਣਤੀ ‘ਚ ਸ਼ਾਮਲ ਹਨ ਉਹ ਦੇਸ਼ ਹਨ: ਸੰਯੁਕਤ ਰਾਜ (7,00,000), ਆਸਟਰੇਲੀਆ (125,904), ਮਲੇਸ਼ੀਆ (100,000), ਅਤੇ ਕੀਨੀਆ, ਯੂਗਾਂਡਾ ਅਤੇ ਤਨਜ਼ਾਨੀਆ (ਇਨ੍ਹਾਂ ਦੇਸ਼ਾਂ ਵਿਚ 50,000-100,000 ਸਿੱਖ ਰਹਿੰਦੇ ਹਨ)।
ਇਸ ਦੇ ਨਾਲ ਹੀ ਥਾਈਲੈਂਡ ਤੇ ਇਟਲੀ ਵਿਚ 70,000, ਮਾਰੀਸ਼ੀਅਸ ਵਿਚ 37,700, ਫਿਲੀਪਨਜ਼ ਤੇ ਪਾਕਿਸਤਾਨ ਵਿਚ 50,000, ਬੰਗਲਾਦੇਸ਼ ਵਿਚ 23,000, ਜਰਮਨੀ ਵਿਚ 15,000, ਨੀਦਰਲੈਂਡ ਵਿਚ 12,000 ਸਿੱਖ ਰਹਿੰਦੇ ਹਨ।
ਇਸ ਦੇ ਤਰ੍ਹਾਂ ਨਿਊਜ਼ੀਲੈਂਡ, ਬ੍ਰਾਜ਼ੀਲ, ਨੇਪਾਲ, ਮੀਆਂਮਾਰ ਆਈਲੈਂਡ, ਅਰਜਨਟੀਨੀਆ, ਕਜ਼ਾਕੀਸਤਾਨ, ਜਪਾਨ, ਨਾਰਵੇ, ਅਫਗਾਨਿਸਤਾਨ, ਚਾਈਨਾ, ਫਰਾਂਸ ਆਦਿ ਦੇਸ਼ਾਂ ਵਿਚ ਵੀ ਸਿੱਖ ਰਹਿ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।