
ਗ਼ਲਤ ਕਾਰੋਬਾਰੀ ਸਰਗਰਮੀਆਂ ਨੂੰ ਲੈ ਕੇ ਹੋਈ ਕਾਰਵਾਈ
ਨਿਰਧਾਰਿਤ ਮਿਆਦ ਅੰਦਰ ਆਪਣੇ ਕੰਮਕਾਜ ਦੇ ਤਰੀਕੇ 'ਚ ਸੋਧ ਕਰਨ ਦਾ ਦਿਤਾ ਹੁਕਮ
ਨਵੀਂ ਦਿੱਲੀ : ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਗੂੁਗਲ ਨੂੰ 1337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰੌਇਡ ਮੋਬਾਈਲ ਉਪਕਰਣ ਖੇਤਰ ਵਿੱਚ ਕਈ ਬਾਜ਼ਾਰਾਂ ’ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਕੀਤੀ ਗਈ ਹੈ। ਭਾਰਤੀ ਮੁਕਾਬਲਾ ਕਮਿਸ਼ਨ ਗੂਗਲ ਨੂੰ ਇਕ ਨਿਰਧਾਰਿਤ ਮਿਆਦ ਅੰਦਰ ਆਪਣੇ ਕੰਮਕਾਜ ਦੇ ਤਰੀਕੇ ਵਿੱਚ ਸੋਧ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਪ੍ਰਮੁੱਖ ਇੰਟਰਨੈੱਟ ਕੰਪਨੀ ਨੂੰ ਗ਼ਲਤ ਕਾਰੋਬਾਰੀ ਸਰਗਰਮੀਆਂ ਨੂੰ ਰੋਕਣ ਅਤੇ ਬੰਦ ਕਰਨ ਦਾ ਹੁਕਮ ਵੀ ਦਿੱਤਾ ਹੈ। ਕਮਿਸ਼ਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਅਪ੍ਰੈਲ 2019 ਵਿੱਚ ਦੇਸ਼ ’ਚ ਐਂਡਰੌਇਡ ਆਧਾਰਿਤ ਸਮਾਰਟਫੋਨ ਗਾਹਕਾਂ ਦੀ ਸ਼ਿਕਾਇਤ ਮਗਰੋਂ ਮਾਮਲੇ ਦੀ ਵਿਆਪਕ ਜਾਂਚ ਲਈ ਕਿਹਾ ਸੀ।
ਐਂਡਰੌਇਡ ਅਸਲ ਵਿੱਚ ਸਮਾਰਟਫੋਨ ਤੇ ਟੈਬਲੇਟ ਦੇ ਮੂਲ ਉਪਕਰਣ ਨਿਰਮਾਤਾਵਾਂ ਵੱਲੋਂ ਸਥਾਪਤ ਇਕ ਓਪਨ ਸੋਰਸ ਮੋਬਾਈਲ ਅਪਰੇਟਿੰਗ ਪ੍ਰਣਾਲੀ ਹੈ। ਅਯੋਗ ਕਾਰੋਬਾਰੀ ਕਾਰਜ ਪ੍ਰਣਾਲੀਆਂ ਦੇ ਦੋਸ਼ ਮੋਬਾਈਲ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਕਰਾਰ (ਐੱਮਏਡੀਏ) ਤੇ ਐਂਟੀ ਫਰੈਗਮੈਂਟੇਸ਼ਨ ਕਰਾਰ ਨਾਲ ਸਬੰਧਤ ਹਨ।