
ਕੁਸ਼ਲਤਾ ਵਿਚ ਸੁਧਾਰ ਕਰਨਾ ਅਤੇ ਬਿਹਤਰ ਸਥਿਤੀ ਯਕੀਨੀ ਬਣਾਏਗਾ ਬਦਲਾਅ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ H1B ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿਚ ਬਦਲਾਅ ਦਾ ਪ੍ਰਸਤਾਵ ਰਖਿਆ ਹੈ ਜਿਸ ਦਾ ਮਕਸਦ ਯੋਗਤਾ ਨੂੰ ਤਰਕਸੰਗਤ ਬਣਾ ਕੇ ਕੁਸ਼ਲਤਾ ਵਿਚ ਸੁਧਾਰ ਕਰਨਾ, ਐੱਫ-1 ਵਿਦਿਆਰਥੀਆਂ, ਉੱਦਮੀਆਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੱਧ ਲਚੀਲਾਪਨ ਪ੍ਰਦਾਨ ਕਰਨਾ ਅਤੇ ਹੋਰ ਪ੍ਰਵਾਸੀ ਮੁਲਾਜ਼ਮਾਂ ਲਈ ਬਿਹਤਰ ਸਥਿਤੀ ਯਕੀਨੀ ਬਣਾਉਣਾ ਹੈ।
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਇਨ੍ਹਾਂ ਨਿਯਮਾਂ ਨੂੰ ਅਧਿਕਾਰਤ ਤੌਰ ’ਤੇ 23 ਅਕਤੂਬਰ ਨੂੰ ਫੈਡਰਲ ਰਜਿਸਟਰ ’ਚ ਪ੍ਰਕਾਸ਼ਿਤ ਕਰੇਗਾ। ਸੰਸਦ ਵਲੋਂ ਤੈਅ ਕੀਤੇ ਗਏ ਇਨ੍ਹਾਂ ਵੀਜ਼ਿਆਂ ਦੀ 60,000 ਦੀ ਗਿਣਤੀ ’ਚ ਬਦਲਾਅ ਕੀਤੇ ਬਿਨਾਂ ਇਹ ਨਿਯਮ ਪ੍ਰਸਤਾਵਿਤ ਕੀਤੇ ਗਏ ਹਨ।
ਗ੍ਰਹਿ ਮੰਤਰਾਲੇ ਨੇ ਇਨ੍ਹਾਂ ਪ੍ਰਸਤਾਵਿਤ ਨਿਯਮਾਂ ਨੂੰ ਜਨਤਕ ਕੀਤਾ ਹੈ, ਤਾਕਿ ਹਿੱਸੇਦਾਰ ਇਸ ’ਤੇ ਅਪਣੀਆਂ ਟਿੱਪਣੀਆਂ ਕਰ ਸਕਣ ਅਤੇ ਪ੍ਰਤੀਕਿਰਿਆ ਦੇ ਸਕਣ।
ਮੰਤਰਾਲੇ ਨੇ ਕਿਹਾ ਕਿ ਨਿਯਮਾਂ ’ਚ ਪ੍ਰਸਤਾਵਿਤ ਤਬਦੀਲੀਆਂ ਦਾ ਉਦੇਸ਼ ਯੋਗਤਾ ਦੀਆਂ ਜ਼ਰੂਰਤਾਂ ਨੂੰ ਤਰਕਸੰਗਤ ਬਣਾਉਣਾ, ਪ੍ਰੋਗਰਾਮ ਦੀ ਕੁਸ਼ਲਤਾ ’ਚ ਸੁਧਾਰ ਕਰਨਾ, ਰੁਜ਼ਗਾਰਦਾਤਾਵਾਂ ਅਤੇ ਮੁਲਾਜ਼ਮਾਂ ਨੂੰ ਵਧੇਰੇ ਲਾਭ ਅਤੇ ਲਚੀਲਾਪਨ ਪ੍ਰਦਾਨ ਕਰਨਾ ਅਤੇ ਅਖੰਡਤਾ ਦੇ ਉਪਾਵਾਂ ਨੂੰ ਮਜ਼ਬੂਤ ਕਰਨਾ ਹੈ। H1B ਪ੍ਰੋਗਰਾਮ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਕਾਨੂੰਨ ਅਧੀਨ ਨਿਰਧਾਰਤ ਸਾਰੇ ਅਮਰੀਕੀ ਕਿਰਤ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਦੇ ਹੋਏ ਜ਼ਰੂਰੀ ਮੁਲਾਜ਼ਮਾਂ ਨੂੰ ਨਿਯੁਕਤ ਕਰਨ ’ਚ ਮਦਦ ਕਰਦਾ ਹੈ। ਰੁਜ਼ਗਾਰਦਾਤਾ ਅਪਣੀਆਂ ਕਾਰੋਬਾਰੀ ਲੋੜਾਂ ਨੂੰ ਪੂਰਾ ਕਰਨ ਅਤੇ ਆਲਮੀ ਬਾਜ਼ਾਰ ’ਚ ਮੁਕਾਬਲੇ ’ਤੇ ਰਹਿਣ ਲਈ ਇਹ ਨਿਯੁਕਤੀਆਂ ਕਰਦੇ ਹਨ।