
ਦੋਸਤ ਤੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
Melbourne Punjabi Murder News: ਮੈਲਬੋਰਟ ਦੇ ਦੱਖਣ-ਪੱਛਮ ਵਿਚ ਇਕ ਪ੍ਰਾਇਮਰੀ ਸਕੂਲ ਦੇ ਕੋਲ ਪਾਰਕ ਵਿਚ ਮਿਲੇ ਮ੍ਰਿਤਕ ਵਿਅਕਤੀ ਦੀ ਪਛਾਣ ਪੰਜਾਬੀ ਮੂਲ ਦੇ 36 ਸਾਲਾ ਅਨਮੋਲ ਬਾਜਵਾ ਵਜੋਂ ਹੋਈ ਹੈ। ਅਨਮੋਲ ਦੀ ਲਾਸ਼ ਮੰਗਲਵਾਰ ਸਵੇਰੇ 7.30 ਵਜੇ ਐਲੀਮੈਂਟਰੀ ਰੋਡ, ਮੰਬੂਰੀਨ ਨੇੜੇ ਮਿਲੀ।
ਵਿਕਟੋਰੀਆ ਪੁਲਿਸ ਨੇ ਮੰਬੂਰੀਨ ਦੇ ਪਾਰਕ ਵਿਚ ਇਕ ਕ੍ਰਾਈਮ ਸੀਨ ਸਥਾਪਿਤ ਕੀਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਇਕ ਵਿਅਕਤੀ ਜੋ ਅਨਮੋਲ ਬਾਜਵਾ ਦਾ ਜਾਣ-ਪਛਾਣ ਵਾਲਾ ਹੈ, ਜਿਸ ਉਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸ ਵਲੋਂ ਕਤਲ ਕੀਤਾ ਗਿਆ ਹੈ ਵਲੋਂ ਐਲੀਮੈਂਟਰੀ ਰੋਡ, ਮੰਬੂਰੀਨ ਉਤੇ ਕਤਲ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ ਸੀ ਅਤੇ ਪੁਲਿਸ ਵਲੋਂ ਦਿਤੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਵਲੋਂ ਸੈਪਟਨ ਪੁਲਿਸ ਕੋਲ ਜਾ ਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਹਿਰਾਸਤ ਵਿਚ ਹੈ ਤੇ ਪੁਲਿਸ ਨੂੰ ਜਾਂਚ ਚ ਸਹਿਯੋਗ ਕਰ ਰਿਹਾ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਬੀਤੇ ਦਿਨ ਅਨਮੋਲ ਬਾਜਵਾ ਆਪਣੇ ਮਿੱਤਰ ਨੂੰ ਘਰ ਦੇ ਨਜਦੀਕ ਪਾਰਕ ਵਿਚ ਮਿਲਣ ਗਿਆ ਅਤੇ ਅਨਮੋਲ ਵਲੋਂ ਆਪਣੇ ਮਿੱਤਰ ਦੀ ਕੁਝ ਸਮਾਂ ਪਹਿਲਾਂ ਕਾਰੋਬਾਰ ਸ਼ੁਰੂ ਕਰਨ ਲਈ ਮਦਦ ਕੀਤੀ ਸੀ ਅਤੇ ਹੁਣ ਜਦੋਂ ਅਨਮੋਲ ਵਲੋਂ ਆਪਣੇ ਮਿੱਤਰ ਨੂੰ ਇਸ ਬਾਰੇ ਪੁੱਛਿਆ ਤਾਂ ਦੋਵਾਂ ਚ ਤਕਰਾਰ ਹੋ ਗਈ ਤੇ ਉਕਤ ਮੁਲਜ਼ਮ ਨੇ ਉਸ ਦੇ ਸਿਰ ਵਿਚ ਸੱਟ ਮਾਰੀ ਤੇ ਉਹ ਗੰਭੀਰ ਹਾਲਤ ਵਿਚ ਪਾਰਕ ਵਿਚ ਛੱਡ ਕੇ ਫ਼ਰਾਰ ਹੋ ਗਿਆ ਤੇ ਇਸ ਦੌਰਾਨ ਹੀ ਅਨਮੋਲ ਦੀ ਮੌਤ ਹੋ ਗਈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਇਸ ਇਲਾਕੇ ਵਿਚ ਸਨ ਤੇ ਉਨ੍ਹਾਂ ਕੋਲ ਕੋਈ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ ਤਾਂ ਅੱਗੇ ਆਉਣ।
ਕੋਈ ਵੀ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਸ ਉਤੇ 1800333000 ਨੰਬਰ ਉਤੇ ਸੰਪਰਕ ਕਰ ਸਕਦਾ ਹੈ।
ਮੈਲਬੋਰਨ ਦੀ ਪੰਜਾਬੀ ਕਮਿਊਨਿਟੀ ਅਨਮੋਲ ਦੀ ਮੌਤ ਨਾਲ ਕਾਫ਼ੀ ਸੋਗ ਵਿਚ ਹੈ। ਦੋ ਬੱਚਿਆਂ ਨੂੰ ਪਿਆਰ ਕਰਨ ਵਾਲੇ ਪਿਤਾ ਤੇ ਪਰਿਵਾਰਕ ਵਿਅਕਤੀ ਵਜੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਦੋਸਤ ਤੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।