
ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨੇ ਲਈ ਪੰਜਾਬੀ ਡਾਕਟਰ ਦੀ ਜਾਨ
ਲੰਡਨ, 22 ਅਪ੍ਰੈਲ : ਬ੍ਰਿਟੇਨ ਵਿਚ ਇਕ ਹੋਰ ਭਾਰਤੀ ਮੂਲ ਦੇ ਡਾਕਟਰ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਡਾਕਟਰ ਦਾ ਨਾਂਅ ਮਨਜੀਤ ਸਿੰਘ ਰਿਆਤ ਹੈ। ਉਨ੍ਹਾਂ ਦਾ ਡਰਬੀਸ਼ਾਇਰ ਵਿਚ ਡਾਕਟਰ ਅਤੇ ਮਰੀਜ਼ ਬਹੁਤ ਸਤਿਕਾਰ ਕਰਦੇ ਸਨ। ਉਹ ਐਮਰਜੈਂਸੀ ਮੈਡੀਕਲ ਸਲਾਹਕਾਰ ਸਨ। ਸ. ਰਿਆਤ ਨੇ ਸਾਲ 1992 ਵਿਚ ਲੈਸਟਰ ਯੂਨੀਵਰਸਿਟੀ ਤੋਂ ਅਪਣੀ ਮੈਡੀਕਲ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੀ ਦੁਰਘਟਨਾ ਤੇ ਐਮਰਜੈਂਸੀ ਸੇਵਾ ਵਿਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਦੇ ਹਸਪਤਾਲ ਦੇ ਟਰੱਸਟ ਨੇ ਦਸਿਆ ਕਿ ਸ. ਰਿਆਤ ਨੇ ਡਰਬੀਸ਼ਾਇਰ ਵਿਚ ਐਮਰਜੈਂਸੀ ਡਾਕਟਰੀ ਸੇਵਾਵਾਂ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
image
ਯੂਨੀਵਰਸਿਟੀ ਹੌਸਪੀਟਲ ਆਫ਼ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬੋਇਲ ਨੇ ਕਿਹਾ, “ਮੈਂ ਮਨਜੀਤ ਸਿੰਘ ਰਿਆਤ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਇਕ ਅਤਿਅੰਤ ਆਕਰਸ਼ਕ ਸ਼ਖ਼ਸ ਸਨ, ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਸੀ। ਉਹ ਹਸਪਤਾਲ ਵਿਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ। ਅਸੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਰਹਾਂਗੇ।'' ਰਿਆਤ ਦੀ ਸਹਿਯੋਗੀ ਸੂਸੀ ਬੇਵਿਟ ਨੇ ਕਿਹਾ, “2003 ਵਿਚ ਸ. ਮਨਜੀਤ ਡਰਬੀਸ਼ਾਇਰ ਰਾਇਲ ਇਨਫ਼ਰਮਰੀ ਵਿਚ ਐਮਰਜੈਂਸੀ ਸੇਵਾਵਾਂ ਵਿਚ ਚਾਰ ਸਲਾਹਕਾਰਾਂ ਵਿਚੋਂ ਇਕ ਸਨ। ਮਨਜੀਤ ਸਿੰਘ ਇਕ ਸਹਿਯੋਗੀ, ਸੁਪਰਵਾਈਜ਼ਰ ਅਤੇ ਸਲਾਹਕਾਰ ਵਜੋਂ ਪ੍ਰਸਿੱਧ ਸਨ। ਅਪਣੇ ਕਰੀਅਰ ਦੌਰਾਨ ਉਹ ਸਿਖਾਉਣ ਅਤੇ ਡਾਕਟਰੀ ਸਿਖਿਆ ਵਿਚ ਯੋਗਦਾਨ ਪਾਉਣ ਦੇ ਆਦੀ ਰਹੇ। ਉਨ੍ਹਾਂ ਕੋਲ ਬਹੁਤ ਸਾਰੀਆਂ ਕੁਸ਼ਲਤਾਵਾਂ ਸਨ, ਪਰ ਉਹ ਇਕ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ ਵਿਚ ਬਿਹਤਰੀਨ ਸਨ। ਸ. ਰਿਆਤ ਅਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।