
ਇੰਗਲੈਂਡ ਭਰ 'ਚ ਸਿਰਫ਼ 2 ਹੀ ਪੰਜਾਬੀ ਹਨ ਕੌਂਸਲਾਂ ਦੇ ਨੇਤਾ
ਲੰਡਨ -ਕੌਂਸਲਰ ਰਾਜਬੀਰ ਸਿੰਘ ਸੈਂਡਵਿੱਲ ਕੌਂਸਲ ਦੇ ਪਹਿਲੇ ਪੰਜਾਬੀ ਮੂਲ ਦੇ ਕੌਂਸਲ ਨੇਤਾ ਬਣੇ ਹਨ, ਜਦਕਿ ਉਹ ਸਿੱਖ ਪਿਛੋਕੜ ਵਾਲੇ ਇੰਗਲੈਂਡ ਭਰ 'ਚੋਂ ਦੂਜੇ ਕੌਂਸਲ ਨੇਤਾ ਹਨ। ਇਸ ਤੋਂ ਪਹਿਲਾਂ ਸਿਰਫ਼ ਜੱਸ ਅਠਵਾਲ ਹੀ ਰੈਡਬਿ੍ਜ਼ ਕੌਂਸਲ ਦੇ ਲੰਮੇ ਤੋਂ ਕੌਂਸਲ ਨੇਤਾ ਚੱਲੇ ਆ ਰਹੇ ਹਨ। ਰਾਜਬੀਰ ਸਿੰਘ ਲੇਬਰ ਪਾਰਟੀ ਵੱਲੋਂ ਤਿੰਨ ਸਾਲ ਪਹਿਲਾਂ ਵੀ ਪਹਿਲੀ ਵਾਰ ਕੌਂਸਲਰ ਬਣੇ ਸਨ।
40 ਸਾਲਾ ਰਾਜਬੀਰ ਸਿੰਘ ਨੇ ਇਸ ਵਕਾਰੀ ਅਹੁਦੇ ਤੱਕ ਦਾ ਸਫ਼ਰ ਆਪਣੀ ਮਿਹਨਤ ਨਾਲ ਤੇਜ਼ੀ ਨਾਲ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ 'ਚੋਂ ਉੱਭਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਹ ਇਲਾਕੇ ਦੀ ਬਿਹਤਰੀ ਲਈ ਕੰਮ ਕਰਨਗੇ। ਉਹ ਕੈਬਨਿਟ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਐਮ.ਪੀ. ਪ੍ਰੀਤ ਕੌਰ ਗਿੱਲ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਜਬੀਰ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਕਿਰਤਰਾਜ ਸਿੰਘ ਨੂੰ ਲੇਬਰ ਪਾਰਟੀ ਦਾ ਚੇਅਰਮੈਨ ਅਤੇ ਗੁਰਦੀਪ ਕੌਰ ਗਿੱਲ ਲੇਬਰ ਪਾਰਟੀ ਦੀ ਜਨਰਲ ਸਕੱਤਰ ਬਣੀ ਹੈ।