
ਬਲਰਾਜ ਹੁਣ ਬਰਾਬਰਤਾ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਜੋ ਸਾਰਿਆਂ ਨਾਲ ਚੰਗਾ ਵਿਹਾਰ ਹੋ ਸਕੇ ਅਤੇ ਹੋਰਾਂ ਨੂੰ ਨਸਲਵਾਦ ਬਾਰੇ ਜਾਗਰੂਕ ਕੀਤਾ ਜਾ ਸਕੇ।
ਲੰਦਨ : ਵਿਦੇਸ਼ਾਂ 'ਚ ਭਾਰਤੀ-ਪੰਜਾਬੀਆਂ ਨਾਲ ਅਕਸਰ ਵਿਤਕਰਾ ਵੇਖਣ ਨੂੰ ਮਿਲਦਾ ਹੈ। ਲੰਦਨ 'ਚ ਨਸਲੀ ਭੇਦਭਾਵ ਦਾ ਸ਼ਿਕਾਰ ਹੋਇਆ 12 ਬਲਰਾਜ ਸਿੰਘ ਨੇ ਆਪਣੇ ਨਾਲ ਹੋਏ ਵਿਤਕਰੇ ਦਾ ਨਾ-ਸਿਰਫ਼ ਡੱਟ ਕੇ ਸਾਹਮਣਾ ਕੀਤਾ, ਸਗੋਂ ਅਜਿਹਾ ਕਰਨ ਵਾਲਿਆਂ ਨੂੰ ਆਪਣੀ ਬੁੱਧੀਮਤਾ ਨਾਲ ਸਖ਼ਤ ਸੁਨੇਹਾ ਵੀ ਦਿੱਤਾ। ਬਲਰਾਜ ਸਿੰਘ ਜਦੋਂ 10 ਸਾਲ ਦਾ ਸੀ ਤਾਂ ਸਾਲ 2017 ਵਿਚ ਆਪਣੇ ਪਹਿਲੇ ਫੁੱਟਬਾਲ ਕੈਂਪ ਵਿਚ ਗਿਆ ਸੀ। ਇਸ ਮੌਕੇ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਸੀ ਪਰ ਲੰਚ ਬਰੇਕ ਦੌਰਾਨ ਤਿੰਨ ਮੁੰਡਿਆਂ ਨੇ ਉਸ ਨਾਲ ਨਸਲ ਆਧਾਰਤ ਮਾੜਾ ਵਿਹਾਰ ਕੀਤਾ। ਮੁੰਡਿਆਂ ਨੇ ਬਲਰਾਜ ਨੂੰ ਕਿਹਾ ਕਿ ਉਹ "ਉਸ ਦੇ ਸਿਰ 'ਤੇ ਆਪਣਾ ਸਨੋਅਬਾਲ ਮਾਰਨਗੇ" ਅਤੇ ਨਾਲ ਹੀ ਕਿਹਾ ਕਿ ਉਹ ਯੂਕੇ ਤੋਂ ਨਹੀਂ ਹੋ ਸਕਦਾ ਕਿਉਂਕਿ "ਉਹ ਬ੍ਰਾਊਨ" ਹੈ।
Balraj Singh
ਉਨ੍ਹਾਂ ਨੇ ਉਸ ਨੂੰ ਕੋਨੇ ਵਿਚ ਧੱਕਾ ਦਿੱਤਾ ਅਤੇ ਬਲਰਾਜ ਇੰਨਾ ਡਰਿਆ ਤੇ ਹੈਰਾਨ ਹੋਇਆ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਕੀ ਕਰੇ। ਉਸ ਨੂੰ ਉਸ ਵੇਲੇ ਸਮਝ ਨਹੀਂ ਆਇਆ ਕਿ ਉਸ ਨਾਲ ਕੀ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ। ਬਲਰਾਜ ਨੇ ਜੋ ਵੀ ਹੋਇਆ, ਉਸ ਬਾਰੇ ਆਪਣੇ ਕੋਚ ਨੂੰ ਦੱਸਿਆ ਪਰ ਕੋਚ ਨੇ ਕੁਝ ਨਹੀਂ ਕੀਤਾ। ਉਨ੍ਹਾਂ ਮੁੰਡਿਆਂ ਨੇ ਆਪਣਾ ਵਤੀਰਾ ਜਾਰੀ ਰੱਖਿਆ ਅਤੇ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਬਲਰਾਜ ਜਦੋਂ ਘਰ ਪਹੁੰਚਿਆ ਤਾਂ ਬਹੁਤ ਰੋਇਆ ਤੇ ਵਾਪਸ ਕੈਂਪ ਵਿੱਚ ਜਾਣ ਤੋਂ ਵੀ ਡਰ ਰਿਹਾ ਸੀ।
Balraj Singh
ਉਸ ਦੇ ਨਾਲ ਹੋਏ ਵਤੀਰੇ ਦੀ ਦਾਸਤਾਨ ਸੁਣ ਕੇ ਉਸ ਦੇ ਮਾਪਿਆਂ ਨੇ ਉਸ ਨਾਲ ਆਪਣੇ ਨਸਲਵਾਦੀ ਤਜ਼ਰਬੇ ਸਾਂਝੇ ਕੀਤੇ। ਇੱਕ ਸਾਲ ਬਾਅਦ 2018 ਵਿਚ ਬਲਰਾਜ ਦੇ ਮਾਪਿਆਂ ਨੇ ਉਸ ਨੂੰ ਦੂਜੇ ਕੈਂਪ ਵਿਚ ਜਾਣ ਲਈ ਪ੍ਰੇਰਿਤ ਕੀਤਾ। ਉਸ ਨੇ ਵੀ ਆਪਣੇ ਆਪ ਨੂੰ ਤਿਆਰ ਕੀਤਾ ਕਿ ਸ਼ਾਇਦ ਉਸ ਨੂੰ ਨਸਲਵਾਦ ਦਾ ਮੁੜ ਸਾਹਮਣਾ ਕਰਨਾ ਪੈ ਸਕਦਾ ਹੈ। ਕੈਂਪ ਵਿਚ ਮੈਦਾਨ ਵਿਚ ਇਕ ਖਿਡਾਰੀ ਨੇ ਉਸ ਦੇ ਜੂੜੇ ਨੂੰ ਹੱਥ ਪਾਇਆ ਅਤੇ ਇਸ ਵਾਰ ਨਸਲਵਾਦ ਨੂੰ ਕੋਚਿੰਗ ਟੀਮ ਨੇ ਨਜਿੱਠਿਆ। ਇਸ ਨਾਲ ਬਲਰਾਜ ਨੂੰ ਹੌਂਸਲਾ ਮਿਲਿਆ ਪਰ ਇਸ ਘਟਨਾ ਨੇ ਉਸ ਨੂੰ ਬੇਹੱਦ ਪ੍ਰੇਸ਼ਾਨ ਕੀਤਾ। ਉਸ ਦੇ ਕਈ ਦੋਸਤਾਂ ਨਾਲ ਵੀ ਅਜਿਹੇ ਹੀ ਨਸਲਵਾਦੀ ਵਤੀਰੇ ਹੋਏ ਸਨ।
Balraj Singh
ਬਲਰਾਜ ਨੇ ਫ਼ੈਸਲਾ ਲਿਆ ਕਿ ਉਹ ਖੇਡ ਦੌਰਾਨ ਹੋਣ ਵਾਲੇ ਨਸਲੀ ਵਿਤਕਰੇ ਨੂੰ ਚੁਣੌਤੀ ਦੇਵੇਗਾ। ਉਹ ਆਪਣੇ ਸਕੂਲ ਵਿਚ ਇਕੁਆਲਿਟੀ (ਬਰਾਬਰਤਾ) ਕੌਂਸਲ ਨਾਲ ਜੁੜਿਆ ਅਤੇ ਆਪਣੇ ਅਧਿਆਪਕ ਦੇ ਸਹਿਯੋਗ ਨਾਲ 'ਕਿਕ ਇਟ ਆਊਟ' ਨੂੰ ਗੱਲਬਾਤ ਲਈ ਸੱਦਿਆ। ਕਿਕ ਇਟ ਆਊਟ ਇਕ ਸੰਸਥਾ ਹੈ ਜੋ ਅੰਗਰੇਜ਼ੀ ਫੁੱਟਬਾਲ ਟੀਮ ਵਿਚ ਬਰਾਬਰਤਾ ਅਤੇ ਸ਼ਮੂਲੀਅਤ ਲਈ ਕੰਮ ਕਰਦੀ ਹੈ। ਬਲਰਾਜ ਹੁਣ ਬਰਾਬਰਤਾ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਜੋ ਸਾਰਿਆਂ ਨਾਲ ਚੰਗਾ ਵਿਹਾਰ ਹੋ ਸਕੇ ਅਤੇ ਹੋਰਨਾਂ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਨਸਲਵਾਦ ਬਾਰੇ ਜਾਗਰੂਕ ਕੀਤਾ ਜਾ ਸਕੇ।
Balraj Singh
ਆਪਣੇ ਇਸੇ ਕਾਰਜ ਕਰਕੇ ਅਗਸਤ 2018 ਵਿਚ ਬਲਰਾਜ ਇੰਗਲੈਂਡ ਟੀਮ ਦਾ ਮੈਸਕੌਟ ਬਣਿਆ ਤੇ ਉਹ ਡੈਨੀ ਰੋਜ਼ ਨਾਲ ਮੈਦਾਨ 'ਤੇ ਗਿਆ ਅਤੇ ਇੰਗਲੈਂਡ ਦੀ ਪੂਰੀ ਫੁੱਟਬਾਲ ਨਾਲ ਵੀ ਮਿਲਿਆ। ਬਲਰਾਜ ਦਾ ਕਹਿਣਾ ਸੀ ਕਿ ਇਹ ਇਕ ਸੁਪਨਾ ਸੀ ਜੋ ਪੂਰਾ ਹੋਇਆ। ਇਸ ਸਾਲ ਉਹ ਬਰੈਡਫੋਰਟ ਸ਼ਹਿਰ 'ਚ ਕਿਸੇ ਹੋਰ ਫੁੱਟਬਾਲ ਕੈਂਪ ਵਿਚ ਗਿਆ ਜਿੱਥੇ ਪ੍ਰਬੰਧਕਾਂ ਨੇ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਕੋਈ ਨਸਲਵਾਦੀ ਜਾਂ ਮਾੜਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਲਰਾਜ ਨੇ ਬਹੁਤ ਵਧੀਆ ਸਮਾਂ ਬਿਤਾਇਆ। ਉਹ ਹੁਣ ਚਾਹੁੰਦਾ ਹੈ ਕਿ ਹੋਰ ਬਾਲਗ਼ ਬੱਚਿਆਂ ਨਾਲ ਕੋਚ ਜਾਂ ਰੈਫਰੀ ਵਜੋਂ ਕੰਮ ਕਰੇ।
Balraj Singh
ਬਲਰਾਜ 'ਚ ਫੁੱਟਬਾਲ ਵਿਚ ਨਸਲਵਾਦ ਨਾਲ ਨਜਿੱਠਣ ਲਈ ਜਨੂੰਨ ਹੈ। ਉਹ ਜ਼ਮੀਨੀ ਪੱਧਰ 'ਤੇ ਨਸਲਵਾਦ ਨਾਲ ਨਜਿੱਠਣ ਵਾਲੇ ਕੋਚਾਂ ਨਾਲ ਮਿਲਣ ਲਈ ਗਿਆ, ਉਸ ਨੇ ਨਸਲਵਾਦ ਨਾਲ ਪੇਸ਼ੇਵਰ ਪੱਧਰ 'ਤੇ ਸਾਹਮਣਾ ਕਰਨ ਵਾਲੇ ਖਿਡਾਰੀਆਂ ਨਾਲ ਮੁਲਕਾਤ ਕੀਤੀ। ਇਸ ਦੇ ਨਾਲ ਹੀ ਫੁੱਟਬਾਲ ਐਸੋਸੀਏਸ਼ਨ ਦੀ ਸੱਤਾ ਵਿੱਚ ਬੈਠੇ ਉਨ੍ਹਾਂ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਕਿ ਕਿਹੜੇ ਰਸਤੇ ਅਖ਼ਤਿਆਰ ਕਰ ਕੇ ਇਸ ਨਾਲ ਨਜਿੱਠਿਆ ਜਾ ਸਕਦਾ ਹੈ।