ਗੁਰਸੇਵਕ ਸਿੰਘ ਬੱਲ ਨੇ ਪ੍ਰਕਾਸ਼ਤ ਕਰ ਦਿਤੀ ਸੀ ਮੁੱਖ ਗਵਾਹ ਦੀ ਪਛਾਣ
ਔਟਵਾ: ਕੈਨੇਡੀਅਨ ਅਤੇ ਅਮਰੀਕੀ ਅਥਾਰਟੀਆਂ ਨੇ ਕੈਨੇਡਾ ਦੇ ਮਿਸੀਸਾਗੂਆ ਸੂਬੇ ’ਚ ਸਥਿਤ ਇਕ ਪੱਤਰਕਾਰ ਗੁਰਸੇਵਕ ਸਿੰਘ ਬੱਲ (31) ਨੂੰ ਗਿ੍ਰਫ਼ਤਾਰ ਕੀਤਾ ਹੈ। ਉਸ ਨੂੰ ਕੌਮਾਂਤਰੀ ਨਸ਼ਾ ਤਸਕਰ ਅਤੇ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਮਦਦ ਕਰਨ ਲਈ ਗਿ੍ਰਫ਼ਤਾਰ ਕੀਤਾ ਗਿਆ ਹੈ।
ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁਧ ਕੀਤੀ ਕਾਰਵਾਈ ਦੌਰਾਨ 19 ਨਵੰਬਰ ਨੂੰ ਸੱਤ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਇਕ ਗੁਰਸੇਵਕ ਸਿੰਘ ਬੱਲ (31) ਵੀ ਹੈ, ਜੋ ‘ਡਰਟੀ ਨਿਊਜ਼’ ਨਾਮਕ ਵੈੱਬਸਾਈਟ ਦਾ ਸਹਿ ਬਾਨੀ ਹੈ। ਅਮਰੀਕਾ ਤੇ ਕੈਨੇਡਾ ਨੇ ਕੌਮਾਂਤਰੀ ਨਾਰਕੋ-ਅਤਿਵਾਦ ’ਤੇ ਸ਼ਿਕੰਜਾ ਕੱਸਣ ਦੇ ਇਰਾਦੇ ਨਾਲ ਛਾਪੇ ਮਾਰੇ ਸਨ। ਕੈਨੇਡਾ ਤੇ ਅਮਰੀਕਾ ਦੀਆਂ ਵੱਖ-ਵੱਖ ਮੀਡੀਆ ਰੀਪੋਰਟਾਂ ਵਿਚ ਫੈਡਰਲ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਬੱਲ ਨੇ ਰਿਆਨ ਜੇਮਜ਼ ਵੈਡਿੰਗ ਵਿਰੁਧ ਇਕ ਗਵਾਹ ਦੀ ਪਛਾਣ ਅਪਣੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਜਾਰੀ ਕਰ ਦਿਤੀ ਸੀ, ਜਿਸ ਕਾਰਨ ਮੁੱਖ ਗਵਾਹ ਜੌਨਾਥਨ ਐਸਬੇਡੋ ਗਾਰਸੀਆ ਦਾ ਕਤਲ ਹੋਇਆ।
ਉਸ ਨੂੰ ਜਨਵਰੀ 2025 ਵਿਚ ਕੋਲੰਬੀਆ ਦੇ ਮੈਡੇਲਿਨ ਵਿਚ ਇਕ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਚਾਰਜਸ਼ੀਟ ਵਿਚ ਅੱਗੇ ਕਿਹਾ ਗਿਆ ਕਿ, ‘‘31 ਜਨਵਰੀ 2025 ਨੂੰ ਇੰਸਟਾਗ੍ਰਾਮ ਜ਼ਰੀਏ ਮੁਲਜ਼ਮ ਬੱਲ ਨੇ ਇਕ ਸਟੋਰੀ ਪੋਸਟ ਕੀਤੀ ਜਿਸ ਵਿਚ ਰੈਸਟੋਰੈਂਟ ਵਿਚ ਇਕ ਤਸਵੀਰ ਅਤੇ ਜ਼ਮੀਨ ’ਤੇ ਪਈ ਲਾਸ਼ ਦਾ ਹੇਠਲਾ ਹਿੱਸਾ ਵਿਖਾ ਇਆ ਗਿਆ ਸੀ ਤੇ ਹੇਠਾਂ ਲਿਖਿਆ ਸੀ, ‘ਬੂਮ! ਹੈੱਡਸ਼ਾਟ’।
ਅਧਿਕਾਰੀਆਂ ਨੇ ਐਲਾਨ ਕੀਤਾ, ‘‘ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੈਡਿੰਗ ਦੇ ਕੋਕੀਨ ਤਸਕਰੀ ਕਾਰਜ ਨਾਲ ਜੁੜੇ ਸੱਤ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਸ ਵਿਚ ਉਸ ਦਾ ਵਕੀਲ, ਦੀਪਕ ਪਰਾਡਕਰ ਵੀ ਸ਼ਾਮਲ ਹੈ... 31 ਸਾਲ ਦੇ ਗੁਰਸੇਵਕ ਸਿੰਘ ਬੱਲ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ, ਜੋ ‘ਦ ਡਰਟੀ ਨਿਊਜ਼‘ ਵਜੋਂ ਜਾਣੀ ਜਾਂਦੀ ਇਕ ਵੈੱਬਸਾਈਟ ਦਾ ਸੰਸਥਾਪਕ ਹੈ।’’ ਐਨ.ਬੀ.ਸੀ. ਨਿਊਜ਼ ਦੀ ਰੀਪੋਰਟ ਅਨੁਸਾਰ, ਅਮਰੀਕਾ ਹੁਣ ਬੱਲ ਅਤੇ ਉਸ ਦੇ ਸਹਿ-ਦੋਸ਼ੀ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਨ੍ਹਾਂ ’ਤੇ ਕਤਲ ਦੀ ਸਾਜ਼ਸ਼ , ਰੈਕੇਟੀਅਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕੇ। (ਏਜੰਸੀ)
