
ਕਿਹਾ, ਗੁਪਤਾ ਦੀ ਪਸੰਦ ਦਾ ਵਕੀਲ ਪੈਟਰ ਸਲੇਪਿਕਾ ਕਰ ਰਿਹੈ ਚੈੱਕ ਅਦਾਲਤ ’ਚ ਉਸ ਦੀ ਨੁਮਾਇੰਦਗੀ, ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ
- ਨਿਖਿਲ ਗੁਪਤਾ ਨੂੰ ਸਹੀ ਖੁਰਾਕ ਨਾ ਦਿਤੇ ਜਾਣ ਦੇ ਦੋਸ਼ਾਂ ਤੋਂ ਵੀ ਕੀਤਾ ਇਨਕਾਰ
- ਤਿੰਨ ਵਾਰ ਕੌਂਸਲਰ ਪਹੁੰਚ ਮਿਲੀ ਹੈ ਨਿਖਿਲ ਗੁਪਤਾ ਨੂੰ : ਅਰਿੰਦਮ ਬਾਗਚੀ
ਨਵੀਂ ਦਿੱਲੀ: ਅਮਰੀਕੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਸ਼ ਰਚਣ ਦੇ ਮਾਮਲੇ ’ਚ ਅਮਰੀਕੀ ਸਰਕਾਰ ਵਲੋਂ ਮੁਲਜ਼ਮ ਬਣਾਏ ਗਏ ਨਿਖਿਲ ਗੁਪਤਾ ਦਾ ਮਾਮਲਾ ਭਾਰਤੀ ਨਿਆਂਇਕ ਅਧਿਕਾਰੀਆਂ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਇਹ ਬਿਆਨ ਚੈੱਕ ਗਣਰਾਜ ਦੇ ਨਿਆਂ ਮੰਤਰਾਲੇ ਦੇ ਬੁਲਾਰੇ ਵਲਾਦੀਮੀਰ ਰੇਪਕਾ ਨੇ ਦਿਤਾ।
ਰੇਪਕਾ ਦਾ ਇਹ ਬਿਆਨ ਭਾਰਤੀ ਨਾਗਰਿਕ ਗੁਪਤਾ ਦੇ ਪਰਿਵਾਰ ਵਲੋਂ ਇਸ ਮਾਮਲੇ ’ਚ ਦਖਲ ਦੇਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਕਰੀਬ 6 ਮਹੀਨੇ ਪਹਿਲਾਂ ਚੈੱਕ ਗਣਰਾਜ ’ਚ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਗੁਪਤਾ ਪ੍ਰਾਗ ਦੀ ਜੇਲ੍ਹ ’ਚ ਬੰਦ ਹੈ।
ਅਮਰੀਕਾ ਨੇ ਗੁਪਤਾ ਦੀ ਹਵਾਲਗੀ ਲਈ ਚੈੱਕ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਕਾਰਵਾਈ ਜਾਰੀ ਹੈ। ਰੇਪਕਾ ਨੇ ਕਿਹਾ ਕਿ ਇਹ ਮਾਮਲਾ ਭਾਰਤ ਦੇ ਕਿਸੇ ਵੀ ਨਿਆਂਇਕ ਅਧਿਕਾਰੀ ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਹੈ, ਬਲਕਿ ਇਹ ਮਾਮਲਾ ਚੈੱਕ ਗਣਰਾਜ ਦੇ ਸਮਰੱਥ ਅਧਿਕਾਰੀਆਂ ਦੇ ਅਧਿਕਾਰ ਖੇਤਰ ਦੇ ਅਧੀਨ ਹੈ।’’
ਗੁਪਤਾ (52) ਦੇ ਪਰਿਵਾਰ ਦੇ ਇਕ ਮੈਂਬਰ ਨੇ ਪਿਛਲੇ ਹਫਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਭਾਰਤ ਸਰਕਾਰ ਨੂੰ ਹਵਾਲਗੀ ਦੀ ਕਾਰਵਾਈ ਵਿਚ ਦਖਲ ਦੇਣ ਅਤੇ ਮਾਮਲੇ ਦੀ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ।
ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ’ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਨਾਕਾਮ ਸਾਜ਼ਸ਼ ਰਚਣ ਲਈ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਭਾਰਤ ਨੇ ਪਹਿਲਾਂ ਹੀ ਦੋਸ਼ਾਂ ਦੀ ਜਾਂਚ ਲਈ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਰੇਪਕਾ ਨੇ ਗੁਪਤਾ ਦੇ ਪਰਿਵਾਰ ਵਲੋਂ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਲਗਾਏ ਗਏ ਦੋਸ਼ਾਂ ਦਾ ਵੀ ਜਵਾਬ ਦਿਤਾ ਕਿ ਚੈੱਕ ਗਣਰਾਜ ’ਚ ਉਨ੍ਹਾਂ ਦੀ ਢੁਕਵੀਂ ਕਾਨੂੰਨੀ ਨੁਮਾਇੰਦਗੀ ਨਹੀਂ ਹੈ। ਬੁਲਾਰੇ ਨੇ ਕਿਹਾ, ‘‘ਚੈੱਕ ਗਣਰਾਜ ਦੇ ਕਾਨੂੰਨ ਅਨੁਸਾਰ ਬਚਾਅ ਪੱਖ ਦੇ ਵਕੀਲ ਨੂੰ ਹਰ ਸਮੇਂ ਉਸ ਵਿਅਕਤੀ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਜਿਸ ਦੇ ਵਿਰੁਧ ਹਵਾਲਗੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।’’
ਰੇਪਕਾ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਉਨ੍ਹਾਂ ਮਾਮਲਿਆਂ ’ਚ ਬਚਾਅ ਕਰਨ ਲਈ ਵਕੀਲ ਨਹੀਂ ਹੈ, ਜਿੱਥੇ ਬਚਾਅ ਪੱਖ ਹੋਣਾ ਚਾਹੀਦਾ ਹੈ ਤਾਂ ਸਮਰੱਥ ਅਦਾਲਤ ਤੁਰਤ ਵਕੀਲ ਨਿਯੁਕਤ ਕਰੇਗੀ।
ਉਨ੍ਹਾਂ ਕਿਹਾ ਕਿ ਉਪਲਬਧ ਜਾਣਕਾਰੀ ਅਨੁਸਾਰ ਨਿਖਿਲ ਗੁਪਤਾ ਦੀ ਨੁਮਾਇੰਦਗੀ ਉਸ ਦੀ ਪਸੰਦ ਦਾ ਵਕੀਲ ਪੈਟਰ ਸਲੇਪਿਕਾ ਕਰ ਰਿਹਾ ਹੈ, ਜੋ ਵਿਦੇਸ਼ੀ ਰਾਜ ’ਚ ਹਵਾਲਗੀ ਦੀ ਕਾਰਵਾਈ ਦੇ ਵਿਰੁਧ ਹੈ। ਰੇਪਕਾ ਨੇ ਕਿਹਾ ਕਿ ਚੈੱਕ ਨਿਆਂ ਮੰਤਰਾਲੇ ਕੋਲ ਨਾ ਤਾਂ ਕੋਈ ਜਾਣਕਾਰੀ ਹੈ ਅਤੇ ਨਾ ਹੀ ਗੁਪਤਾ ਜਾਂ ਉਨ੍ਹਾਂ ਦੇ ਬਚਾਅ ਪੱਖ ਦੇ ਵਕੀਲ ਵਲੋਂ ਕੋਈ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਡਿਪਲੋਮੈਟਿਕ ਦਫਤਰ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ।
ਉਨ੍ਹਾਂ ਅਜਿਹੇ ਦੋਸ਼ਾਂ ਨੂੰ ਵੀ ਖਾਰਜ ਕਰ ਦਿਤਾ ਕਿ ਗੁਪਤਾ ਨੂੰ ਜੇਲ੍ਹ ’ਚ ਸਹੀ ਖੁਰਾਕ ਨਹੀਂ ਦਿਤੀ ਜਾ ਰਹੀ ਸੀ। ਰੈਪਕਾ ਨੇ ਕਿਹਾ, ‘‘ਚੈੱਕ ਦੇ ਨਿਆਂ ਮੰਤਰਾਲੇ ਨੂੰ ਨਾ ਤਾਂ ਕੋਈ ਜਾਣਕਾਰੀ ਹੈ ਅਤੇ ਨਾ ਹੀ ਉਸ ਨੂੰ ਕੋਈ ਸ਼ਿਕਾਇਤ ਮਿਲੀ ਹੈ ਕਿ ਨਿਖਿਲ ਗੁਪਤਾ ਨੂੰ ਸਹੀ ਖੁਰਾਕ ਨਹੀਂ ਦਿਤੀ ਗਈ।’’
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਗੁਪਤਾ ਤਕ ਤਿੰਨ ਵਾਰ ਕੌਂਸਲਰ ਪਹੁੰਚ ਮਿਲੀ ਹੈ ਅਤੇ ਉਹ ਉਸ ਨੂੰ ਜ਼ਰੂਰੀ ਕੂਟਨੀਤਕ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਬਾਗਚੀ ਨੇ ਅਪਣੀ ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇਕ ਭਾਰਤੀ ਨਾਗਰਿਕ ਇਸ ਸਮੇਂ ਚੈੱਕ ਅਧਿਕਾਰੀਆਂ ਦੀ ਹਿਰਾਸਤ ਵਿਚ ਹੈ। ਸਾਡੀ ਗੁਪਤਾ ਤਕ ਘੱਟੋ-ਘੱਟ ਤਿੰਨ ਵਾਰ ਕੂਟਨੀਤਕ ਪਹੁੰਚ ਰਹੀ ਹੈ।