
"ਜਿੱਥੇ ਸਿੱਖ ਨੂੰ ਤਾਲਿਬਾਨੀ ਕਹਿੰਦੇ ਸੀ ਹੁਣ ਸੈਲਫੀਆਂ ਕਰਵਾਉਂਦੇ ਨੇ ਲੋਕ"
ਚੰਡੀਗੜ੍ਹ: ਕਈ ਵਾਰ ਅਸੀਂ ਨਿੱਜੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਾਂ, ਇਕੱਲੇ ਵਿਦੇਸ਼ਾਂ ਵਿਚ ਜਾਂਦੇ ਹਾਂ। ਪਰ ਉੱਥੇ ਜਾ ਕੇ ਸਾਡੀ ਮੰਜ਼ਿਲ ਵੀ ਬਦਲ ਜਾਂਦੀ ਹੈ ਤੇ ਸਾਡਾ ਇਕੱਲਿਆਂ ਦਾ ਸਫਰ ਕਾਫਲੇ ਵਿਚ ਬਦਲ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਨੌਜਵਾਨ ਗਗਨਦੀਪ ਸਿੰਘ ਦੇ ਨਾਲ, ਜੋ ਕਿ ਅਪਣੀ ਨਿੱਜੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ ਗਏ।
Photo
ਉੱਥੇ ਜਾ ਕਿ ਉਹਨਾਂ ਦੇ ਹਾਲਾਤ ਅਜਿਹੇ ਹੋ ਗਏ ਕਿ ਉਹਨਾਂ ਨੇ ਇਕ ਬਹੁਤ ਵੱਡਾ ਕੰਮ ਕੀਤਾ, ਜੋ ਪੂਰੀ ਸਿੱਖ ਕੌਮ ਲਈ ਮਾਣ ਸਾਬਿਤ ਹੋਇਆ। ਰੋਜ਼ਾਨਾ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਸਿੰਘ ਭੌਗਲ ਵੱਲੋਂ ਗਗਨਦੀਪ ਸਿੰਘ ਨਾਲ ਇਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂ ਕੋਲੋਂ ਉਹਨਾਂ ਦੇ ਪੰਜਾਬ ਤੋਂ ਸਪੇਨ ਤੱਕ ਦੇ ਸਫਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ।
Photo
ਗਗਨਦੀਪ ਸਿੰਘ ਨੂੰ ਸਪੇਨ ਦੀ ਧਰਤੀ ‘ਤੇ ਰਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਗਨਦੀਪ ਸਿੰਘ ਜੀ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ 2004 ਵਿਚ ਸਵਿਟਜ਼ਰਲੈਂਡ ਗਏ ਸੀ। ਉਹਨਾਂ ਦੱਸਿਆ ਕਿ ਸਵਿਟਜ਼ਰਲੈਂਡ ਵਿਚ ਉਹਨਾਂ ਨੂੰ ਕੰਮ ਸਬੰਧੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਰੈਸਟੋਰੇਂਟ ਦਾ ਕੰਮ ਜ਼ਿਆਦਾ ਹੁੰਦਾ ਸੀ। ਉਸ ਤੋਂ ਬਾਅਦ ਉਹ ਫਰਾਂਸ, ਬੈਲਜ਼ੀਅਮ ਵਿਚ ਗਏ।
Photo
ਉਸ ਤੋਂ ਬਾਅਦ ਉਹ 2007 ਵਿਚ ਕਤਲੋਨੀਆ ਪਹੁੰਚੇ। ਉਹਨਾਂ ਦੱਸਿਆ ਕਿ ਉੱਥੇ ਜਾ ਕਿ ਵੀ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਮਹਣਾ ਕਰਨਾ ਪਿਆ, ਉਹਨਾਂ ਦੱਸਿਆ ਕਿ ਲੋਕ ਉਹਨਾਂ ਨੂੰ ਦੇਖ ਕੇ ਹੱਸਦੇ ਸੀ ਤੇ ਬਿਨ ਲਾਦੇਨ ਜਾਂ ਤਾਬੀਲਾਨ ਵਰਗੇ ਕੁਮੈਂਟ ਕਰਦੇ ਸੀ। ਉਹਨਾਂ ਦੱਸਿਆ ਕਿ ਇਹ ਸੁਣ ਕੇ ਬਹੁਤ ਦੁੱਖ ਹੁੰਦਾ ਸੀ ਕਿਉਂਕਿ ਇਕ ਪਾਸੇ ਉਹਨਾਂ ਕੋਲ ਕੰਮ ਨਹੀਂ ਸੀ, ਉਹਨਾਂ ਨੂੰ ਭਾਸ਼ਾ ਦੀ ਪਰੇਸ਼ਾਨੀ ਹੁੰਦੀ ਸੀ ਤਾਂ ਦੂਜੇ ਪਾਸੇ ਲੋਕ ਉਹਨਾਂ ‘ਤੇ ਅਜਿਹੇ ਕੁਮੈਂਟ ਕਰਦੇ ਸੀ।
File Photo
ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਗੱਲ ਮਾਨਸਿਕ ਪਰੇਸ਼ਾਨੀ ਵਾਲੀ ਸੀ ਕਿ ਸਾਡੇ ਸਿੱਖੀ ਸਰੂਪ ਨੂੰ ਲੋਕ ਕਿਸ ਨਜ਼ਰ ਨਾਲ ਦੇਸ਼ ਰਹੇ ਸੀ। ਇਸ ਤੋਂ ਬਾਅਦ ਉਹਨਾਂ ਨੇ ਕੈਰੀਅਰ ਨਾ ਬਣਾ ਕੇ ਪਹਿਚਾਣ ਬਣਾਉਣ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਉਹ ਇਕ ਦਿਨ ਵਿਚ 5-6 Presentations ਕਰਦੇ ਸੀ। ਇਸ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਉੱਥੋਂ ਦੀ ਭਾਸ਼ਾ ਸਿੱਖੀ।
Photo
ਉਹਨਾਂ ਦੱਸਿਆ ਕਿ ਉਸ ਸਮੇਂ ਉੱਥੋਂ ਦੇ ਲੋਕਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਸ਼੍ਰੀ ਸਾਹਿਬ ਦੀ ਸੀ। ਜਦੋਂ ਪੁਲਿਸ ਕਿਸੇ ਵੀ ਸਿੱਖ ਨੂੰ ਦੇਖਦੀ ਸੀ ਤਾਂ ਉਸ ਦੀ ਸ਼੍ਰੀ ਸਾਹਿਬ ਨੂੰ ਉਤਾਰ ਕੇ ਲੈ ਜਾਂਦੀ ਸੀ ਤੇ ਉਸ ਦੀ ਬੇਅਦਬੀ ਕਰਕੇ ਉਸ ‘ਤੇ ਜ਼ੁਰਮਾਨਾ ਲਗਾਉਂਦੇ ਸੀ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਆਪਣੇ ਮਾਪਿਆਂ ਦੇ ਪੁੱਤ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਪੁੱਤ ਹਨ ਤੇ ਉਹਨਾਂ ਦੇ ਪਰਿਵਾਰਕ ਫਰਜ਼ਾਂ ਦੇ ਨਾਲ-ਨਾਲ ਕੁਝ ਕੌਮੀ ਫਰਜ਼ ਵੀ ਹਨ।
Photo
ਉਹਨਾਂ ਦੱਸਿਆ ਕਿ ਉਹਨਾਂ ਨੇ ਉੱਥੋਂ ਦੀ ਪੁਲਿਸ ਕੋਲ ਜਾ ਕੇ ਉਹਨਾਂ ਨੂੰ ਸਿੱਖ ਧਰਮ ਬਾਰੇ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਉੱਥੋਂ ਦੀ ਐਸਐਸਪੀ ਜੋ ਕਿ ਈਸਾਈ ਧਰਮ ਨਾਲ ਸਬੰਧ ਰੱਖਦੀ ਸੀ ਉਸ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਿਆ। ਇਸ ਤੋਂ ਬਾਅਦ ਪੁਲਿਸ ਦੇ ਇਕ ਸਲਾਨਾ ਸਮਾਗਮ ਵਿਚ ਪੁਲਿਸ ਨੇ ਉਹਨਾਂ ਨਾਲ ਸਿੱਖ ਧਰਮ ਬਾਰੇ ਕਈ ਸਵਾਲ-ਜਵਾਬ ਕੀਤੇ, ਇਸ ਦੌਰਾਨ ਗਗਨਦੀਪ ਸਿੰਘ ਦੀਆਂ ਗੱਲਾਂ ਨੇ ਉੱਥੋਂ ਦੇ ਲੋਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡੀ।
Photo
ਇਸ ਤੋਂ ਬਾਅਦ ਉਹਨਾਂ ਨੇ ਸਕੂਲਾਂ ‘ਚ ਜਾ ਕੇ ਇਸ ਤਰ੍ਹਾਂ ਦੇ ਸਿੱਖਾਂ ਸਬੰਧੀ ਮਸਲੇ ਹੱਲ ਕਰਨੇ ਸ਼ੁਰੂ ਕੀਤੇ। ਇਸ ਤੋਂ ਬਾਅਦ ਉਹਨਾਂ ਦੀ ਮੁਲਾਕਾਰ ਉੱਥੋਂ ਦੇ ਡੀਜੀਪੀ ਨਾਲ ਹੋਈ ਅਤੇ ਉਹਨਾਂ ਨੇ ਸੂਬਾ ਪੱਧਰੀ ਸਮਾਗਮ ਅਯੋਜਿਤ ਕੀਤੇ ਅਤੇ ਇਸ ਸਮਾਗਮ ਵਿਚ ਉਹਨਾਂ ਨੇ ਭਾਰੀ ਗਿਣਤੀ ਵਿਚ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕੀਤਾ।
Photo
ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਅਪਣੀ ਸਿੱਖ ਪਛਾਣ ਲਈ ਪੇਸ਼ਕਾਰੀਆਂ (Presentations) ਕਰਦੇ ਸੀ। ਪਰ ਲੋਕ ਉਹਨਾਂ ਨੂੰ ਸਮਾਜ ਸੇਵਕ ਸਮਝਦੇ ਸੀ। ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 6-7 ਭਾਸ਼ਾਵਾਂ ਦਾ ਗਿਆਨ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ ਕਤਲਾਣ ਲੋਕ ਅਪਣੀ ਭਾਸ਼ਾ ਦਾ ਬਹੁਤ ਸਤਿਕਾਰ ਕਰਦੇ ਹਨ, ਉਹਨਾਂ ਦੱਸਿਆ ਜਦੋਂ ਲੋਕ ਉਹਨਾਂ ਨੂੰ ਕਤਲਾਣ ਦੀ ਭਾਸ਼ਾ ਬੋਲਦੇ ਸੁਣਦੇ ਸੀ ਤਾਂ ਉਹ ਉਹਨਾਂ ਨੂੰ ਬਹੁਤ ਪਿਆਰ ਦਿੰਦੇ ਸੀ।
Photo
ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜੇ ਵੀ ਪੰਜਾਬੀ ਉੱਥੇ ਜਾਂਦੇ ਹਨ, ਉਹ ਪੰਜਾਬੀ ਵਿਚ ਉੱਥੋਂ ਦੀ ਭਾਸ਼ਾ ਸਿੱਖ ਸਕਣ, ਇਸ ਨੂੰ ਲੈ ਕੇ ਹੀ ਉਹਨਾਂ ਨੇ ‘ਪੰਜ ਦਰਿਆਵਾਂ ਵਾਲੇ ਕਤਲੋਨਾ ਵਿਚ’ ਕਿਤਾਬ ਲਿਖੀ। ਇਸ ਤੋਂ ਬਾਅਦ ਉਹਨਾਂ ਦੀ ਦੋਸਤ ਨੇ ਗਗਨਦੀਪ ਸਿੰਘ ਦੀ ਮੁਲਾਕਾਤ ਉੱਥੋਂ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਵਾਈ।
Photo
ਰਾਸ਼ਟਰਪਤੀ ਨੇ ਉਹਨਾਂ ਦੀ ਕਿਤਾਬ ਦੀ ਤਾਰੀਫ ਕੀਤੀ ਤੇ ਉਹਨਾਂ ਦੀ ਕਿਤਾਬ ਨੂੰ ਸੰਸਦ ‘ਚ ਰੀਲੀਜ਼ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਪੁਰਸਕਾਰ ਲਈ 1017 ਉਮੀਦਵਾਰ ਸਨ, ਜਿਨ੍ਹਾਂ ਵਿਚੋਂ 370 ਉਮੀਦਵਾਰ ਚੁਣੇ ਗਏ। ਇਸ ਤੋਂ ਬਾਅਦ 370 ਵਿਚੋਂ 3 ਉਮੀਦਵਾਰ ਚੁਣੇ ਜਾਣੇ ਸੀ। ਇਹਨਾਂ ਵਿਚੋਂ ਪਹਿਲੇ ਨੰਬਰ ‘ਤੇ ਸਿੱਖ ਕੌਮ ਦੇ ਨਾਂਅ ‘ਤੇ ਪੁਰਸਕਾਰ ਹਾਸਲ ਕਰਨ ਵਾਲੇ ਗਗਨਦੀਪ ਸਿੰਘ ਸਨ।
Photo
ਗਗਨਦੀਪ ਸਿੰਘ ਨੇ ਕਿਹਾ ਕਿ ਸਾਰੀਆਂ ਮੁਸ਼ਕਲਾਂ ਹੱਲ ਨਹੀਂ ਹੋਈਆਂ, ਹਾਲੇ ਬਹੁਤ ਕੁਝ ਹੋਣਾ ਬਾਕੀ ਹੈ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਕੰਮਾਂ ਦੀ ਭਾਲ ਜਾਂ ਪੜ੍ਹਾਈ ਲਈ ਵਿਦੇਸ਼ਾਂ ਵਿਚ ਜਾਂਦੇ ਹਨ, ਉਹਨਾਂ ਨੂੰ ਵਿਦੇਸ਼ਾਂ ਦੀ ਭਾਸ਼ਾ ਵੀ ਸਿੱਖਣੀ ਚਾਹੀਦੀ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੂਜੀ ਕਿਤਾਬ ਸਪੇਨ ਭਾਸ਼ਾ ਦੇ ਸਬੰਧੀ ਆ ਰਹੀ ਹੈ ਜੋ ਕਿ ਇਸੇ ਸਾਲ ਵਿਚ ਰੀਲੀਜ਼ ਹੋ ਜਾਵੇਗੀ। ਇਸ ਦੇ ਨਾਲ ਹੀ ਉਹ ਇਕ ਕਿਤਾਬ ਸਿੱਖ ਧਰਮ ਬਾਰੇ ਵੀ ਲਿਖ ਰਹੇ ਹਨ, ਜੋ ਕਿ ਕਤਲਾਣ ਅਤੇ ਸਪੇਨ ਭਾਸ਼ਾ ਵਿਚ ਹੋਵੇਗੀ।