
ਸਤਨਾਮ ਸਿੰਘ ਪੰਜਾਬ ਦੇ ਮੋਗਾ ਸ਼ਹਿਰ ਦਾ ਰਹਿਣ ਵਾਲਾ ਸੀ
Italy News: ਮਿਲਾਨ - ਇਟਲੀ ਵਿਚ ਕਿਰਤੀਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਇਸ ਦਰਦਨਾਕ ਮੌਤ ਦੇ ਕਾਰਨ ਰੋਹ ਵਿਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਟਲੀ ਦੀ ਸਿਰਮੌਰ ਜੱਥੇਬੰਦੀ ਸੀਜੀਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀ ਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ।
ਜਿਸ ਵਿਚ ਇਟਲੀ ਭਰ ਤੋਂ ਕਿਰਤੀਆਂ ਦੇ ਨਾਲ ਆਮ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਰੋਸ ਮੁਜ਼ਾਹਰੇ ਵਿਚ ਕਿਰਤੀਆਂ ਦੇ ਦੁੱਖ ਨੂੰ ਸੁਣਨ ਤੋਂ ਬਾਅਦ ਇਟਲੀ ਦੀ ਪਾਰਲੀਮੈਂਟ ਤੋਂ 3 ਸੰਸਦ ਮੈਂਬਰਾਂ ਨੇ ਹਜ਼ਾਰਾਂ ਦੇ ਇੱਕਠ ਨੂੰ ਭਰੋਸਾ ਦੁਆਇਆ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿਚ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਵਾਇਆ ਕਿ ਭੱਵਿਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਵਾਪਰੇ ਇਸ ਸੰਬਧੀ ਕਾਰਵਾਈ ਕਾਨੂੰਨ ਨੂੰ ਹੋਰ ਸਖ਼ਤ ਕਰਨ ਸੰਬਧੀ ਵਿਚਾਰਿਆ ਜਾਵੇਗਾ।