
ਦੋ ਪੰਜਾਬੀਆਂ ਦੇ ਨਾਂਅ ਸ਼ਾਮਲ ਕਰਨ ਸਮੇਂ ਹਜ਼ਾਰਾਂ ਪੰਜਾਬੀਆਂ ਨੇ ਇਨ੍ਹਾਂ ਦੋ ਪੰਜਾਬੀਆਂ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ।
ਐਡਮਿੰਟਨ - ਪੰਜਾਬੀ ਵਿਦੇਸ਼ ਵਿਚ ਲਗਾਤਾਰ ਅਪਣੀ ਧੱਕ ਪਾ ਰਹੇ ਹਨ ਤੇ ਹੁਣ ਕੈਨੇਡਾ ਦੇ ਪਹਿਲੇ 10 ਉਦਯੋਗਪਤੀਆਂ ਵਿਚ ਦੋ ਪੰਜਾਬੀਆਂ ਦੇ ਨਾਂਅ ਸ਼ਾਮਲ ਹੋਣ ਨਾਲ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ 150 ਉਦਯੋਗਪਤੀਆਂ ਦੇ ਨਾਂਅ ਐਲਾਨਣ ਸਮੇਂ ਪਹਿਲੇ 10 ਕਾਰੋਬਾਰੀਆਂ ਵਿਚ ਦੋ ਪੰਜਾਬੀਆਂ ਦੇ ਨਾਂਅ ਸ਼ਾਮਲ ਕਰਨ ਸਮੇਂ ਹਜ਼ਾਰਾਂ ਪੰਜਾਬੀਆਂ ਨੇ ਇਨ੍ਹਾਂ ਦੋ ਪੰਜਾਬੀਆਂ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਰੀਅਲ ਅਸਟੇਟ ਤੇ ਪ੍ਰਾਪਰਟੀ ਦੇ ਕਾਰੋਬਾਰ ਵਿਚ ਕੰਵਰਪਾਲ ਸਿੰਘ ਬਰਾੜ ਪਿੰਡ ਸ਼ੇਰੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਸ਼ਰਨ ਸਿੰਘ ਬਾਜਵਾ ਵਾਸੀ ਬਟਾਲਾ (ਗੁਰਦਾਸਪੁਰ) ਜਿਨ੍ਹਾਂ 2022-23 ਵਿਚ ਹਜ਼ਾਰਾਂ ਏਕੜ ਜ਼ਮੀਨ ਵੇਚਣ ਤੇ ਖਰੀਦਣ ਵਿਚ ਸਰਕਾਰ ਨੂੰ ਵੱਡੀ ਪੱਧਰ 'ਤੇ ਟੈਕਸ ਜਮ੍ਹਾਂ ਕਰਵਾਇਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇਨ੍ਹਾਂ ਪੰਜਾਬੀਆਂ ਨੂੰ ਮਿਲਾਉਣ ਸਮੇਂ ਬਰੈਂਪਟਨ ਦੀ ਮੰਤਰੀ ਕਮਲ ਖਹਿਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਦੀ ਤਰੱਕੀ ਵਿਚ ਪੰਜਾਬੀਆਂ ਦਾ ਯੋਗਦਾਨ ਬਹੁਤ ਮਹੱਤਤਾ ਰੱਖਦਾ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਪੰਜਾਬੀ ਵੀ ਮੋਹਰੀ ਬਣ ਕੇ ਆਉਣਗੇ, ਜਿਸ ਨਾਲ ਕੈਨੇਡਾ ਦੀ ਤਰੱਕੀ ਦੇ ਝੰਡੇ ਹੋਰ ਵੀ ਉੱਚੇ ਹੋ ਸਕਦੇ ਹਨ।