
ਭੁਲੱਥ ਦਾ ਰਹਿਣ ਵਾਲਾ ਹੈ ਨੌਜਵਾਨ ਅੰਮ੍ਰਿਤਪਾਲ ਸਿੰਘ ਲੁਬਾਣਾ
ਮਿਲਾਨ - ਇਟਲੀ ਵਿਚ ਵੱਸਦੇ ਪੰਜਾਬੀ ਆਏ ਦਿਨ ਵੱਡੀਆਂ ਮੱਲਾਂ ਮਾਰਦੇ ਹਨ। ਭਾਵੇ ਬੋਲੀ ਵੱਖਰੀ ਹੋਣ ਕਰਕੇ ਕੰਮ ਕਰਨ ਵਿਚ ਦਿੱਕਤ ਆਉਂਦੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਇਟਲੀ 'ਚ ਪੰਜਾਬੀ ਗੱਭਰੂ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਪਾਇਲਟ ਬਣਨ ਦਾ ਲਾਇਸੈਂਸ ਹਾਸਲ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਅੰਮ੍ਰਿਤਪਾਲ ਸਿੰਘ ਨੇ ਪਾਰਮਾ ਤੋਂ ਸਰਵਿਸਿੳ ਕਮਰਚਾਲੀ ਦਾ ਡਿਪਲੋਮਾ ਕਰਨ ਉਪਰੰਤ ਏਰੋ ਕਲੱਬ ਪਾਰਮਾ ਤੋਂ ਇਹ ਲਾਇਸੈਂਸ ਪ੍ਰਾਪਤ ਕੀਤਾ।
Amritpal Singh
ਪਾਇਲਟ ਦਾ ਲਾਇਸੈਂਸ ਹਾਸਲ ਕਰਨ ਸਮੇਂ ਇਸ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਅਜੀਬ ਝਲਕ ਦਿਖਾਈ ਦੇ ਰਹੀ ਸੀ। ਇਹ ਹੋਣਹਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਭੁਲੱਥ ਨੇੜਲੇ ਪਿੰਡ ਮੁੰਡੀ ਰੋਡ ਨਾਲ ਸੰਬੰਧਿਤ ਸ. ਕੁਲਜੀਤ ਪਾਲ ਸਿੰਘ ਲੁਬਾਣਾ ਅਤੇ ਮਾਤਾ ਸਤਨਾਮ ਕੌਰ ਦਾ ਪੁੱਤਰ ਹੈ। ਜੋ ਕਿ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਰਹਿ ਰਹੇ ਹਨ।
Amritpal Singh
ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪਾਇਲਟ ਬਣਨ ਦਾ ਸ਼ੌਂਕ ਸੀ। ਪੜ੍ਹਾਈ ਕਰਨ ਉਪਰੰਤ 2021 ਵਿਚ ਉਸ ਨੇ ਏਰੋ ਕਲੱਬ ਪਾਰਮਾ ਵਿਚ ਦਾਖਲਾ ਲਿਆ। ਜਿੱਥੋਂ 18 ਅਪ੍ਰੈਲ਼ 2023 ਨੂੰ ਪੇਪਰ ਦੇਣ ਉਪਰੰਤ ਪਾਇਲਟ ਬਣਨ ਦਾ ਲਾਇਸੈਂਸ ਹਾਸਲ ਕੀਤਾ। ਨੌਜਵਾਨ ਦੇ ਪਿਤਾ ਸ. ਕੁਲਜੀਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੇ ਪੁੱਤਰ ਨੇ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਇਸ ਤੋਂ ਬਾਅਦ ਵੀ ਉਹ ਆਪਣੀ ਪੜ੍ਹਾਈ ਜਾਰੀ ਰੱਖੇਗਾ ਤਾਂ ਜੋ ਉਹ ਕਮਰਸ਼ੀਅਲ ਪਾਇਲਟ ਵਜੋਂ ਵੀ ਸੇਵਾਵਾਂ ਨਿਭਾ ਸਕੇ।