
6 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼
ਟਾਂਡਾ (ਬਾਜਵਾ) : ਟਾਂਡਾ ਨਾਲ ਲੱਗਦੇ ਪਿੰਡ ਕੁਰਾਲਾ ਦੇ ਇਕ ਵਿਅਕਤੀ ਦੀ ਦੁਬਈ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰੀਤਮਪਾਲ ਸਿੰਘ ਕਾਲਾ (42) ਵਜੋਂ ਹੋਈ, ਜਿਸ ਦੀ ਦੁਬਈ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ।
ਜਾਣਕਾਰੀ ਦਿੰਦੇ ਮ੍ਰਿਤਕ ਪ੍ਰੀਤਮਪਾਲ ਸਿੰਘ ਦੇ ਵੱਡੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰੀਤਮਪਾਲ ਸਿੰਘ ਕਰੀਬ 6 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਕੋਰੋਨਾ ਦੇ ਸਮੇਂ ਦੌਰਾਨ ਕੰਮ ਤੋਂ ਕਾਫ਼ੀ ਸਮਾਂ ਵਿਹਲਾ ਰਹਿਣਾ ਪਿਆ। ਹੁਣ ਡਰਾਇਵਰੀ ਦੀ ਡਿਊਟੀ ਵਧੀਆ ਤਰੀਕੇ ਨਾਲ ਕਰ ਰਿਹਾ ਸੀ।
21 ਅਪ੍ਰੈਲ ਨੂੰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ 25 ਅਪ੍ਰੈਲ ਨੂੰ ਸਵੇਰੇ ਕਰੀਬ 8 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਪਿੰਡ ਦੇ ਹੀ ਨਰੈਣ ਸਿੰਘ ਲੈ ਕੇ ਆ ਰਹੇ ਹਨ ਅਤੇ ਇਸੇ ਦਿਨ ਹੀ ਕਰੀਬ ਦੁਪਹਿਰ 12 ਪਿੰਡ ਕੁਰਾਲਾ ਦੇ ਸ਼ਮਸ਼ਾਨਘਾਟ ਵਿਖੇ ਧਾਰਮਿਕ ਰਸਮਾਂ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।