
2 ਜੂਨ ਨੂੰ ਹੋਈਆਂ ਓਨਟਾਰੀਓ ਸੂਬਾਈ ਚੋਣਾਂ ਵਿਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸੀ।
ਟੋਰਾਂਟੋ - ਕੈਨੇਡਾ ਦੇ ਓਨਟਾਰੀਓ ਸੂਬੇ ਦੀ ਨਵੀਂ 30 ਮੈਂਬਰੀ ਕੈਬਨਿਟ ਵਿਚ ਸ਼ੁੱਕਰਵਾਰ ਨੂੰ 2 ਪੰਜਾਬੀਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। 48 ਸਾਲਾ ਪਰਮ ਗਿੱਲ ਨੇ ਰੈੱਡ ਟੇਪ ਰਿਡਕਸ਼ਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਜੋ ਆਊਟਗੋਇੰਗ ਕੈਬਨਿਟ ਵਿੱਚ ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਬਾਰੇ ਮੰਤਰੀ ਸਨ। ਗਿੱਲ ਟੋਰਾਂਟੋ ਦੇ ਬਾਹਰੀ ਇਲਾਕੇ ਮਿਲਟਨ ਤੋਂ ਮੁੜ ਚੁਣੇ ਗਏ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਮੋਗਾ ਨਾਲ ਸਬੰਧਤ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ 31 ਸਾਲਾ ਪ੍ਰਭਮੀਤ ਸਰਕਾਰੀਆ, ਜੋ ਚਾਰ ਸਾਲ ਪਹਿਲਾਂ ਓਨਟਾਰੀਓ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਸਨ ਅਤੇ ਆਊਟਗੋਇੰਗ ਕੈਬਨਿਟ ਵਿੱਚ ਖਜ਼ਾਨਾ ਬੋਰਡ ਦੇ ਪ੍ਰਧਾਨ ਸਨ, ਉਹਨਾਂ ਨੇ ਮੁੜ ਉਸੇ ਅਹੁਦੇ ਲਈ ਸਹੁੰ ਚੁੱਕੀ। ਸਰਕਾਰੀਆ ਨੇ ਬਰੈਂਪਟਨ ਸਾਊਥ ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ। ਉਨ੍ਹਾਂ ਦਾ ਪਰਿਵਾਰ 1980 ਦੇ ਦਹਾਕੇ ਵਿਚ ਅੰਮ੍ਰਿਤਸਰ ਤੋਂ ਕੈਨੇਡਾ ਆ ਗਿਆ ਸੀ।
ਨੀਨਾ ਟਾਂਗਰੀ, ਜੋ ਸਮਾਲ ਬਿਜ਼ਨੈੱਸ ਅਤੇ ਰੈੱਡ ਟੇਪ ਰਿਡਕਸ਼ਨ ਦੀ ਸਹਿਯੋਗੀ ਮੰਤਰੀ ਸੀ, ਨੂੰ ਇਸ ਵਾਰ ਪ੍ਰੀਮੀਅਰ ਡੱਗ ਫੋਰਡ ਦੇ ਨਵੇਂ ਮੰਤਰਾਲਾ ਵਿਚ ਜਗ੍ਹਾ ਨਹੀਂ ਮਿਲੀ। ਦੱਸ ਦਈਏ ਕਿ 2 ਜੂਨ ਨੂੰ ਹੋਈਆਂ ਓਨਟਾਰੀਓ ਸੂਬਾਈ ਚੋਣਾਂ ਵਿਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸੀ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਸਨ, ਜਿਸ ਨੇ 124 ਮੈਂਬਰੀ ਸੂਬਾਈ ਅਸੈਂਬਲੀ ਵਿਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ।