
ਜਸ਼ਨਦੀਪ ਨੇ ਅਪਣੇ ਪਿੰਡ ਧਮੋਟ ਕਲਾਂ ਦਾ ਨਾਂ ਦੁਨੀਆਂ ਵਿਚ ਚਮਕਾਇਆ
ਪਾਇਲ (ਖੱਟੜਾ): ਜੋ ਵਿਅਕਤੀ ਅਪਣੀ ਸਖ਼ਤ ਮਿਹਨਤ ਤੇ ਆਤਮ ਵਿਸ਼ਵਾਸ ਨਾਲ ਮੰਜ਼ਲ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹਨ ਤਾਂ ਸਫ਼ਲਤਾ ਉਨ੍ਹਾਂ ਦੇ ਆਪ ਮੁਹਾਰੇ ਪੈਰ ਚੁੰਮਦੀ ਹੈ। ਇਹੋ ਜਿਹੀ ਹੀ ਮਿਸਾਲ ਨੇੜਲੇ ਪਿੰਡ ਧਮੋਟ ਕਲਾਂ ਦੀ ਜੰਮਪਲ ਜਸ਼ਨਦੀਪ ਕੌਰ ਗਿੱਲ ਸਪੁੱਤਰੀ ਪਰਮਿੰਦਰ ਸਿੰਘ ਰਵੀ ਗਿੱਲ ਨੇ ਇਟਲੀ ਵਿਖੇ ਬੀਤੇ ਦਿਨੀਂ ਹੋਈਆਂ ਘੋੜ ਸਵਾਰੀ ਦੌੜਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਅਪਣੇ ਪਿੰਡ, ਮਾਪਿਆਂ ਅਤੇ ਦੇਸ਼ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ।
ਇਸ ਮਿਸਾਲੀ ਜਿੱਤ ਵਿਚ ਪਿੰਡ ਵਾਸੀਆਂ ਤੇ ਸਪੋਰਟਸ ਕਲੱਬ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਪਰਮਿੰਦਰ ਸਿੰਘ ਰਵੀ ਨੇ ਦਸਿਆ ਕਿ ਮੇਰੀ ਧੀ ਜਸ਼ਨਦੀਪ ਕੌਰ ਗਿੱਲ ਸਾਲ 2013 ਵਿਚ ਇਟਲੀ ਆਈ ਸੀ ਜਿਸ ਨੇ ਪੜ੍ਹਾਈ ਦੇ ਨਾਲ-ਨਾਲ 2015 ਵਿਚ ਘੋੜ ਸਵਾਰੀ ਦੀ ਪੀਏਤਰੋ ਮੋਨੇਤਾ ਤੇ ਸਾਰਾ ਗੁਸੋਨੀ ਤੋਂ ਕੋਚਿੰਗ ਲੈਣੀ ਸ਼ੁਰੂ ਕੀਤੀ।
Equestrian Race
ਗਿੱਲ ਨੇ ਸਖ਼ਤ ਅਭਿਆਸ ਦੌਰਾਨ ਸਾਲ 2017 ਵਿਚ ਪਹਿਲੀ ਵਾਰ 30 ਕਿਲੋਮੀਟਰ ਦੀ ਘੋੜ ਸਵਾਰੀ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਸ ਨੇ ਅੱਗੇ ਵਧਣਾ ਸ਼ੁਰੂ ਕੀਤਾ ਅਤੇ ਸਾਲ 2019-20 ਵਿਚ ਲਗਾਤਾਰ 30, 60 ਅਤੇ 90 ਕਿਲੋਮੀਟਰ ਘੋੜ ਸਵਾਰੀ ਮੁਕਾਬਲਿਆਂ ਵਿਚ ਨਾਮਣਾ ਖੱਟਿਆ। ਰਵੀ ਗਿੱਲ ਨੇ ਅੱਗੇ ਦਸਿਆ ਕਿ 15 ਨਵੰਬਰ 2020 ਨੂੰ ਇਟਲੀ ਵਿਖੇ ਹੋਈਆਂ 60 ਕਿਲੋਮੀਟਰ ਘੋੜ ਸਵਾਰੀ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਟਰਾਫ਼ੀਆਂ 'ਤੇ ਕਬਜ਼ਾ ਕੀਤਾ।
ਉਨ੍ਹਾਂ ਕਿਹਾ ਕਿ ਮੇਰੀ ਧੀ ਨੇ ਖੇਡਾਂ ਤੋਂ ਇਲਾਵਾ ਪੰਜ ਭਾਸ਼ਾਵਾਂ ਇਟਾਲੀਅਨ, ਫ਼ਰੈਂਚ, ਅੰਗਰੇਜ਼ੀ, ਜਰਮਨੀ ਤੇ ਸਪੈਨਿਸ਼ ਵਿਚ ਵੀ ਡਿਪਲੋਮਾ ਪ੍ਰਾਪਤ ਕੀਤਾ, ਜੋ ਅੱਜਕਲ ਯੂਨੀਵਰਸਿਟੀ ਆਫ਼ ਤੋਰੀਨੇ ਵਿਚ ਦਾਖ਼ਲਾ ਲੈ ਕੇ ਅੱਗੇ ਪੜ੍ਹਾਈ ਜਾਰੀ ਰੱਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਸ਼ਨਦੀਪ ਕੌਰ ਗਿੱਲ ਇਨ੍ਹਾਂ ਬੇਸ਼ੁਮਾਰ ਪ੍ਰਾਪਤੀਆਂ ਦੇ ਬਾਵਜੂਦ ਵੀ ਉਹ ਅਪਣੀ ਮਾਂ ਬੋਲੀ ਪੰਜਾਬੀ ਅਤੇ ਅਮੀਰ ਵਿਰਸੇ ਨੂੰ ਬੇਹੱਦ ਪਿਆਰ ਕਰਦੀ ਹੈ।