
ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ
Study Visa - ਪੰਜਾਬ ਦੇ ਲੋਕ ਦਿਨੋ - ਦਿਨ ਕਰਜ਼ਈ ਹੁੰਦੇ ਜਾ ਰਹੇ ਹਨ ਕਿਉਂਕਿ ਉਹ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਦਿਨੋ-ਦਿਨ ਵੱਧ ਤੋਂ ਵੱਧ ਕਰਜ਼ ਲੈ ਰਹੇ ਹਨ। ਹੁਣ ਇਕ ਰਿਪੋਰਟ ਮੁਤਾਬਕ ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਈ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਵਿਦੇਸ਼ ਵਿਚ ਪੜ੍ਹਨ ਲਈ ਬੈਂਕਾਂ ਤੋਂ ‘ਵਿੱਦਿਅਕ ਲੋਨ’ ਲਿਆ ਹੋਇਆ ਹੈ।
ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜ਼ਈ ਹਨ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ, ਉਸ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਵੱਲ 2891.59 ਕਰੋੜ ਦਾ ਕਰਜ਼ਾ ਰੁਕਿਆ ਹੋਇਆ ਹੈ। ‘ਵਿੱਦਿਅਕ ਲੋਨ’ ਲੈਣ ਵਾਲੇ ਜ਼ਿਆਦਾਤਰ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਹੀ ਹਨ।
ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹਨਾਂ ਤਾਜ਼ਾ ਅੰਕੜਿਆਂ ਅਨੁਸਾਰ ‘ਵਿੱਦਿਅਕ ਲੋਨ’ ਲੈਣ ਵਾਲਿਆਂ ’ਚੋਂ 13,747 ਲੜਕੀਆਂ ਹਨ ਜਿਨ੍ਹਾਂ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐੱਸਸੀ ਵਰਗ ਦੇ ਵਿਦਿਆਰਥੀ ਹਨ ਜੋ ਅਜੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ। ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ ਵਿਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗਰੀਬ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜ ਰਹੇ ਹਨ।
ਓਧਰ ਜੇ ਗੱਲ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਦੀ ਕੀਤੀ ਜਾਵੇ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23,554 ਵਿਦਿਆਰਥੀਆਂ ਨੂੰ ‘ਵਿੱਦਿਅਕ ਲੋਨ’ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ ਲੰਘੇ ਢਾਈ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ‘ਵਿੱਦਿਅਕ ਲੋਨ’ ਜਾਰੀ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਚਾਲੂ ਵਿੱਤੀ ਵਰ੍ਹੇ ਦੇ ਛੇ ਮਹੀਨਿਆਂ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ‘ਵਿੱਦਿਅਕ ਲੋਨ’ ਦਿੱਤਾ ਹੈ ਜਦਕਿ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.04 ਕਰੋੜ ਦਾ ਵਿੱਦਿਅਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਵਿਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਸੀ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਲੈਂਦੇ ਹਨ, ਉਹ ਵੱਖਰਾ ਹੈ।
ਬੈਂਕ ਅਧਿਕਾਰੀ ਦੱਸਦੇ ਹਨ ਕਿ ਵਿੱਦਿਅਕ ਲੋਨ ਲੈਣ ਵਾਲੇ ਕਈ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ਨੂੰ ਵੀ ਦੁੱਖ ਮਿਲਦਾ ਹੈ। ਇਸ ਦੇ ਨਾਲ ਹੀ ਜੇ ਸਟੱਡੀ ਵੀਜ਼ੇ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਵਿਚ ਵੀ ਕੋਈ ਕਮੀ ਨਹੀਂ ਆਈ ਹੈ ਤੇ ਬਾਕੀ ਕਰਜ਼ਿਆਂ ਦੀ ਪੰਡ ਤਾਂ ਭਾਰੀ ਹੋ ਹੀ ਰਹੀ ਹੈ।
(For more news apart from Punjab News, stay tuned to Rozana Spokesman)