ਕ੍ਰਿਕਟ : ਪਾਕਿ ਉੱਤੇ ਇਕ ਹੋਰ ਪ੍ਰਭਾਵਸ਼ਾਲੀ ਭਾਰਤੀ ਜਿੱਤ
Published : Feb 17, 2026, 6:25 am IST
Updated : Feb 17, 2026, 6:25 am IST
SHARE ARTICLE
Cricket: Another impressive Indian win over Pakistan
Cricket: Another impressive Indian win over Pakistan

ਐਤਵਾਰ ਰਾਤੀਂ ਟੀ-20 ਵਿਸ਼ਵ ਕੱਪ ਕ੍ਰਿਕਟ ਚੈਂਪੀਅਨਸ਼ਿਪ ਦੇ ਲੀਗ ਮੈਚ ਵਿਚ ਪਾਕਿਸਤਾਨ ਉੱਤੇ ਇਕਤਰਫ਼ਾ ਜਿੱਤ ਰਾਹੀਂ ਭਾਰਤ ਨੇ ਦਰਸਾ ਦਿੱਤਾ ਹੈ

Another impressive Indian win over Pakistan : ਐਤਵਾਰ ਰਾਤੀਂ ਟੀ-20 ਵਿਸ਼ਵ ਕੱਪ ਕ੍ਰਿਕਟ ਚੈਂਪੀਅਨਸ਼ਿਪ ਦੇ ਲੀਗ ਮੈਚ ਵਿਚ ਪਾਕਿਸਤਾਨ ਉੱਤੇ ਇਕਤਰਫ਼ਾ ਜਿੱਤ ਰਾਹੀਂ ਭਾਰਤ ਨੇ ਦਰਸਾ ਦਿੱਤਾ ਹੈ ਕਿ ਕ੍ਰਿਕਟ ਦੇ ਖੇਤਰ ਵਿਚ ਉਹ ਹੁਣ ਪਾਕਿਸਤਾਨ ਤੋਂ ਬਹੁਤ ਅੱਗੇ ਹੈ। ਗਰੁੱਪ ਪੱਧਰ ਦੇ ਇਸ ਮੈਚ ਵਿਚ ਭਾਰਤੀ ਜਿੱਤ ਨੂੰ ਬਹੁਤਾ ਵਡਿਆਇਆ ਜਾਣਾ, ਖੇਡ ਦੇ ਤਕਾਜ਼ਿਆਂ ਤੋਂ ਜ਼ਿਆਦਾ ਵਾਜਬ ਨਹੀਂ ਜਾਪਦਾ। ਪਰ ਅਜਿਹੀ ਸਥਿਤੀ ਦੇ ਬਾਵਜੂਦ ਇਹ ਅਸਲੀਅਤ ਵੀ ਭੁਲਾਈ ਨਹੀਂ ਜਾ ਸਕਦੀ ਕਿ ਪਾਕਿਸਤਾਨੀ ਖਿਡਾਰੀ, ਖੇਡ ਪ੍ਰਬੰਧਕ, ਸਰਕਾਰ ਤੇ ਅਵਾਮ ਭਾਰਤ ਨਾਲ ਹਰ ਮੁਕਾਬਲੇ ਨੂੰ ‘ਸਭਿਅਤਾਵਾਂ ਦੀ ਟੱਕਰ’ ਦੱਸਣ ਤੋਂ ਗੁਰੇਜ਼ ਨਹੀਂ ਕਰਦੇ। ਉਹ ਹਰ ਪਾਕਿਸਤਾਨੀ ਜਿੱਤ ਨੂੰ 1947 ਵਿਚ ਬ੍ਰਿਟਿਸ਼ ਭਾਰਤ ਤੋਂ ਅਪਣੀ ਅਲਹਿਦਗੀ ਵਾਲਾ ਫ਼ੈਸਲਾ ਦਰੁਸਤ ਹੋਣ ਦੀ ਤਸਦੀਕ ਵਜੋਂ ਉਭਾਰਦੇ ਆਏ ਹਨ। ਅਜਿਹੀ ਸੋਚ ਤੋਂ ਭਾਰਤ ਵਿਚ ਵੀ ਤਿੱਖਾ ਪ੍ਰਤੀਕਰਮ ਹੋਣਾ ਸੁਭਾਵਿਕ ਹੈ। ਇਸ ਤਰਜ਼ ਦੀ ਸ਼ਰੀਕੇਬਾਜ਼ੀ ਨੂੰ ਮੀਡੀਆ, ਖ਼ਾਸ ਕਰ ਕੇ ਕਮਰਸ਼ਲ ਮੀਡੀਆ ਵਲੋਂ ਖੁਲ੍ਹ ਕੇ ਭੁਨਾਏ ਜਾਣ ਦਾ ਸਿਲਸਿਲਾ ਘਟਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹੈ। ਮੌਜੂਦਾ ਵਿਸ਼ਵ ਕੱਪ ਦੇ ਆਗਾਜ਼ ਤੋਂ ਪਹਿਲਾਂ ਬੰਗਲਾਦੇਸ਼-ਭਾਰਤ ਤਨਾਜ਼ੇ ਨੂੰ ਆਧਾਰ ਬਣਾ ਕੇ ਪਾਕਿਸਤਾਨ ਨੇ ਜੋ ਨਾਟਕ ਖੇਡਿਆ, ਉਸ ਨੇ ਵੀ ਕੋਲੰਬੋ ਦੇ ਪ੍ਰੇਮਾਦਾਸਾ ਸਟੇਡੀਅਮ ਵਿਚ ਐਤਵਾਰ ਵਾਲੇ ਮੁਕਾਬਲੇ ਨੂੰ ਲੋੜੋਂ ਵੱਧ ਵਕਾਰੀ ਤੇ ਸਨਸਨੀਖੇਜ਼ ਬਣਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ। ਅਜਿਹੇ ਆਲਮ ਵਿਚ 61 ਦੌੜਾਂ ਦੀ ਭਾਰਤੀ ਜਿੱਤ ਨੇ ਜਿੱਥੇ ਭਾਰਤੀ ਖੇਡ ਪ੍ਰੇਮੀਆਂ ਦੇ ਹਿਰਦੇ ਠਾਰੇ, ਉੱਥੇ ਪਾਕਿਸਾਨੀ ਖੇਡ ਪ੍ਰੇਮੀਆਂ ਤੇ ਸਮੀਖਿਅਕਾਂ ਦੇ ਪੱਲੇ ਨਵੀਂ ਨਮੋਸ਼ੀ ਵੀ ਪਾਈ।

ਪਾਕਿਸਤਾਨੀ ਖੇਡ ਸਮੀਖਿਅਕ ਅਤੇ ਮੀਡੀਆ ਚੈਨਲ ਅਪਣੀ ਕੌਮੀ ਟੀਮ ਦੀ ਹਾਰ ਦੇ ਪੰਜ ਮੁੱਖ ਕਾਰਨ ਦਰਸਾ ਰਹੇ ਹਨ। ਇਹ ਹਨ : 1. ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਵਲੋਂ ਟਾਸ ਜਿੱਤਣ ਦੇ ਬਾਵਜੂਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਗ਼ਲਤ ਫ਼ੈਸਲਾ; 2. ਮੈਚ ਦੌਰਾਨ ਗੇਂਦਬਾਜ਼ਾਂ ਦੀ ਗ਼ਲਤ ਚੋਣ, ਖ਼ਾਸ ਕਰ ਕੇ ਤਾਰਿਕ ਉਸਮਾਨ ਨੂੰ 11ਵੇਂ ਓਵਰ ਤੋਂ ਪਹਿਲਾਂ ਗੇਂਦ ਹੀ ਨਾ ਸੌਂਪਣੀ; 3. ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦਾ ਗ਼ੈਰ-ਅਸਰਦਾਰ ਸਾਬਤ ਹੋਣਾ; 4. ਬੱਲੇਬਾਜ਼ਾਂ ਵਲੋਂ ਵਿਕਟ ਉੱਤੇ ਟਿਕੇ ਰਹਿਣ ਦੀ ਬਿਰਤੀ ਨਾ ਦਿਖਾਉਣੀ ਅਤੇ ਗ਼ਲਤ ਮੌਕਿਆਂ ’ਤੇ ਗ਼ਲਤ ਸ਼ਾਟ ਖੇਡਣੇ; ਅਤੇ 5. ਭਾਰਤੀ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਦੀ 40 ਗੇਂਦਾਂ ਵਿਚ 77 ਦੌੜਾਂ ਦੀ ਧਮਾਕਾਖੇਜ਼ ਪਾਰੀ ਜੋ ਸਹੀ ਮਾਅਨਿਆਂ ਵਿਚ ਫ਼ੈਸਲਾਕੁਨ ਸਾਬਤ ਹੋਈ। ਇਹ ਸਾਰੇ ਕਾਰਨ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀਆਂ ਗਈਆਂ ਇਨ੍ਹਾਂ ਪੇਸ਼ੀਨਗੋਈਆਂ ਤੇ ਦਾਅਵਿਆਂ ਨੂੰ ਗ਼ਲਤ ਤੇ ਗੁੰਮਰਾਹਕੁਨ ਸਾਬਤ ਕਰ ਗਏ ਕਿ ਪੇ੍ਰਮਾਦਾਸਾ ਸਟੇਡੀਅਮ (ਕੋਲੰਬੋ) ਵਿਚ ਪਹਿਲੇ ਦੋ ਮੈਚ ਖੇਡਣ ਕਰ ਕੇ ਪਾਕਿਸਤਾਨ ਪਿੱਚ ਤੇ ਮੌਸਮੀ ਹਾਲਾਤ ਦਾ ਬਿਹਤਰ ਲਾਹਾ ਲੈਣ ਦੀ ਸਥਿਤੀ ਵਿਚ ਹੋਵੇਗਾ। ਇਸ ਤੋਂ ਇਲਾਵਾ ਭਾਰਤੀ ਵਿਸਫ਼ੋਟਕ ਬੱਲੇਬਾਜ਼, ਅਮੂਮਨ, ਸਪਿੰਨਰਾਂ ਅੱਗੇ ਬਹੁਤੇ ਪ੍ਰਭਾਵੀ ਸਾਬਤ ਨਹੀਂ ਹੁੰਦੇ ਆਏ, ਜਿਸ ਦਾ ਸਿੱਧਾ ਲਾਭ ਚਾਰ ਪਾਕਿਸਤਾਨੀ ਸਪਿੰਨਰਾਂ, ਖ਼ਾਸ ਕਰ ਕੇ ਤਾਰਿਕ ਉਸਮਾਨ ਦੀ ਰਹੱਸਪੂਰਨ ਗੇਂਦਬਾਜ਼ੀ ਨੂੰ ਹੋਵੇਗਾ। ਉਸਮਾਨ ਦਾ ਵਿਵਾਦਮਈ ਬਾਊÇਲੰਗ ਐਕਸ਼ਨ ਵੀ ਪਾਕਿਸਤਾਨ ਦੇ ਮੁੱਖ ਅਸਾਸੇ ਵਜੋਂ ਉਭਾਰ ਕੇ ਪੇਸ਼ ਕੀਤਾ ਗਿਆ। ਉਸ ਐਕਸ਼ਨ ਦੀ ਭਾਰਤੀ ਕ੍ਰਿਕਟ ਮਾਹਿਰਾਂ ਵਲੋਂ ਚਰਚਾ ਕੀਤੇ ਜਾਣ ਨੂੰ ਉਸਮਾਨ ਨੇ ਵੀ ਅਪਣੇ ਮੀਡੀਆ ਇੰਟਰਵਿਊਜ਼ ਵਿਚ ਇੰਜ ਦਰਸਾਇਆ ਜਿਵੇਂ ਭਾਰਤੀ ਬੱਲੇਬਾਜ਼ ਉਸ ਤੋਂ ਖ਼ੌਫ਼ ਖਾ ਰਹੇ ਹੋਣ। ਅਜਿਹੀਆਂ ਮਨੋਵਿਗਿਆਨਕ ਚੋਭਾਂ ਗ਼ਲਤ ਸਾਬਤ ਹੋਈਆਂ। ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਤੇ ਤਿਲਕ ਵਰਮਾ ਦੀ ਜੋੜੀ ਨੇ ਉਸਮਾਨ ਵਲੋਂ ਉਪਜਾਏ ਹਰ ਖ਼ਤਰੇ ਨੂੰ ਬੇਅਸਰ ਬਣਾ ਦਿੱਤਾ। ਦਰਅਸਲ, ਪਾਕਿਸਤਾਨੀ ਪਾਰੀ ਦੇ ਆਖ਼ਰੀ ਓਵਰਾਂ ਦੌਰਾਨ ਜੇਕਰ ਭਾਰਤੀ ਫ਼ੀਲਡਰ ਕੈਚ ਫੜਨ ਪੱਖੋਂ ਮੁਸਤੈਦੀ ਦੀ ਥਾਂ ਢਿੱਲੜ ਬਿਰਤੀ ਨਾ ਦਿਖਾਉਂਦੇ ਤਾਂ ਸਮੁੱਚੀ ਪਾਕਿਸਤਾਨੀ ਪਾਰੀ 100 ਦੌੜਾਂ ਤੋਂ ਘੱਟ ਸਕੋਰ ’ਤੇ ਸਿਮਟ ਜਾਣੀ ਸੀ।
ਖੇਡਾਂ ਵਿਚ ਜਿੱਤ-ਹਾਰ ਕੋਈ ਅਣਕਿਆਸਿਆ ਵਰਤਾਰਾ ਨਹੀਂ। ਖੇਡਾਂ ਦਾ ਮਨੋਰਥ ਸਿਰਫ਼ ਜਿਸਮਾਨੀ ਫ਼ੁਰਤੀ ਤੇ ਤਾਕਤ ਨੂੰ ਮਜ਼ਬੂਤ ਕਰਨਾ ਹੀ ਨਹੀਂ, ਸਗੋਂ ਮੁਕਾਬਲੇ ਦੀ ਭਾਵਨਾ ਨੂੰ ਪ੍ਰਚੰਡ ਕਰ ਕੇ ਹਰ ਖਿਡਾਰੀ ਨੂੰ ਬਿਹਤਰ ਕਾਰਗੁਜ਼ਾਰੀ ਦੇ ਰਾਹ ਪਾਉਣਾ ਹੈ। ਇਹ ਪੁਰਾਤਨ ਸਮਿਆਂ ਤੋਂ ਕੂਟਨੀਤੀ ਦਾ ਵਸੀਲਾ ਵੀ ਬਣਦੀਆਂ ਆਈਆਂ ਹਨ ਅਤੇ ਸੋਚ-ਸੂਝ ਦੀ ਵਿਸ਼ਾਲਤਾ ਤੇ ਮਜ਼ਬੂਤੀ ਦਾ ਵੀ। ਅਜਿਹੀਆਂ ਭਾਵਨਾਵਾਂ ਨਾਲ ਜੁੜੇ ਮਿਆਰਾਂ ਤੋਂ ਭਾਰਤ ਤੇ ਪਾਕਿਸਤਾਨ ਦੇ ਖਿਡਾਰੀਆਂ ਵਲੋਂ ਆਪਸ ਵਿਚ ਹੱਥ ਵੀ ਨਾ ਮਿਲਾਉਣਾ ਹੁਣ ਨਾਖ਼ੁਸ਼ਗਵਾਰ ਰੁਝਾਨ ਜਾਪਦਾ ਹੈ। ਉਂਜ, ਮੈਚ ਦਾ ਖ਼ੁਸ਼ਗਵਾਰ ਪੱਖ ਇਹ ਰਿਹਾ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕੁਝ ਮਹੀਨੇ ਪਹਿਲਾਂ ਹੋਏ ਮੁਕਾਬਲਿਆਂ ਵਾਲੇ ਉਕਸਾਊ ਤੇ ਭੜਕਾਊ ਇਸ਼ਾਰਿਆਂ ਦੀ ਥਾਂ ਖ਼ੁਸ਼ੀ ਦਾ ਹਰ ਮੌਕਾ ਸਭਿਆ ਢੰਗ ਨਾਲ ਮਨਾਉਣ ਵਾਲੀ ਤਰੀਕਾਕਾਰੀ ਅਪਣਾਈ। ਇਸ ਨੇ ਦਰਸ਼ਕਾਂ ਦਾ ਜੋਸ਼ ਵੀ ਹੋਸ਼ ਦੇ ਦਾਇਰੇ ਵਿਚ ਰੱਖਣ ’ਚ ਮਦਦ ਕੀਤੀ। ਚੈਂਪੀਅਨਸ਼ਿਪ ਦਾ ਜੋ ਪੈਟਰਨ ਹੈ, ਉਸ ਵਿਚ ਭਾਰਤ ਤੇ ਪਾਕਿਸਤਾਨ ਦਾ ਇਕ ਹੋਰ ਮੈਚ ਅਗਲੇ ਕਿਸੇ ਗੇੜ ਵਿਚ ਹੋਣ ਦੀ ਸੰਭਾਵਨਾ ਮਨਫ਼ੀ ਨਹੀਂ ਕੀਤੀ ਜਾ ਸਕਦੀ। ਭਾਰਤ ਨੇ ਟੀ-20 ਕੌਮਾਂਤਰੀ ਮੁਕਾਬਲਿਆਂ ਵਿਚ ਪਾਕਿਸਤਾਨ ਉਪਰ ਜਿੱਤਾਂ ਦਾ ਸਿਲਸਿਲਾ ਭਾਵੇਂ 8-1 ਤਕ ਪਹੁੰਚਾ ਦਿੱਤਾ ਹੈ, ਫਿਰ ਵੀ ਇਹ ਜ਼ਰੂਰੀ ਹੈ ਕਿ ਭਾਰਤੀ ਟੀਮ ਅਪਣਾ ਫ਼ੋਕਸ ਖੇਡ ਉੱਤੇ ਹੀ ਕੇਂਦ੍ਰਿਤ ਰੱਖੇ ਅਤੇ ਅਗਲੇ ਮੈਚਾਂ ਵਿਚ ਹੋਰ ਜ਼ੋਰਦਾਰ ਪ੍ਰਦਰਸ਼ਨ ਕਰੇ। ਇੰਗਲੈਂਡ ਨਹੀਂ, ਹੁਣ ਭਾਰਤ ਕੌਮਾਂਤਰੀ ਕ੍ਰਿਕਟ ਦਾ ਮੱਕਾ ਹੈ। ਇਸ ਰੁਤਬੇ ਦਾ ਸਹੀ ਮੁਹਾਫ਼ਿਜ਼  ਸਿੱਧ ਹੋਣ ਦਾ ਮੌਕਾ ਕਿਸੇ ਵੀ ਸੂਰਤ ਵਿਚ ਗਵਾਇਆ ਨਹੀਂ ਜਾਣਾ ਚਾਹੀਦਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement