
ਔਰਤਾਂ ਨੂੰ ਚੰਗੀ ਤਰ੍ਹਾਂ ਸਮਝਾਏ ਬਗ਼ੈਰ ਹੀ 21 ਔਰਤਾਂ ਨੂੰ ਰੇਡੀਉਐਕਟਿਵ ਰੋਟੀ ਖੁਆ ਕੇ ਕੀਤਾ ਗਿਆ ਸੀ ਪ੍ਰਯੋਗ
ਸੰਸਦ ਮੈਂਬਰ ਤਾਇਵੋ ਉਵਾਟੇਮੀ ਬ੍ਰਿਟਿਸ਼ ਸੰਸਦ ’ਚ ਬਹਿਸ ਲਈ ਰਖਣਗੇ ਭਾਰਤੀ ਮੂਲ ਦੀਆਂ ਔਰਤਾਂ ’ਤੇ ਕੀਤੇ ਡਾਕਟਰੀ ਪ੍ਰਯੋਗ ਦਾ ਮੁੱਦਾ
ਲੰਡਨ, 27 ਅਗੱਸਤ: ਯੂ.ਕੇ. ਦੀ ਇਕ ਸੰਸਦ ਮੈਂਬਰ ਨੇ 1969 ਦੇ ਇਕ ਡਾਕਟਰੀ ਪ੍ਰਯੋਗ ਬਾਰੇ ਜਾਂਚ ਦੀ ਮੰਗ ਕੀਤੀ ਹੈ, ਜਿਸ ਅਧੀਨ ਸਰੀਰ ’ਚ ਲੋਹੇ ਦੇ ਜਜ਼ਬ ਹੋਣ ਬਾਰੇ 21 ਭਾਰਤੀ ਮੂਲ ਦੀਆਂ ਔਰਤਾਂ, ਜਿਨ੍ਹਾਂ ’ਚੋਂ ਬਹੁਤ ਸਾਰੀਆਂ ਗਰਭਵਤੀ ਸਨ, ਨੂੰ ਮੱਧ ਇੰਗਲੈਂਡ ਦੇ ਇਕ ਕਸਬੇ ’ਚ ਰੇਡੀਉਐਕਟਿਵ ਆਈਸੋਟੋਪ ਵਾਲੀ ਰੋਟੀ ਖੁਆਈ ਗਈ ਸੀ। ਕੋਵੈਂਟਰੀ ਨਾਰਥ ਵੈਸਟ ਤੋਂ ਲੇਬਰ ਐਮ.ਪੀ. ਤਾਇਵੋ ਓਵਾਤੇਮੀ ਨੇ ਇਸ ਹਫ਼ਤੇ ਕਿਹਾ ਕਿ ਉਹ ਸਤੰਬਰ ’ਚ ਇਸ ਮੁੱਦੇ ’ਤੇ ਸੰਸਦੀ ਬਹਿਸ ਲਈ ਸੱਦਾ ਦੇਵੇਗੀ, ਜਿਸ ਤੋਂ ਬਾਅਦ ‘‘ਪੂਰੀ ਕਾਨੂੰਨੀ ਜਾਂਚ’’ ਹੋਵੇਗੀ। ਸਥਾਨਕ ਮੀਡੀਆ ਰੀਪੋਰਟਾਂ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਦੀਆਂ ਸਨ ਅਤੇ ਬਹੁਤ ਘੱਟ ਅੰਗਰੇਜ਼ੀ ਜਾਣਦੀਆਂ ਸਨ।
ਓਵਾਤੇਮੀ ਨੇ ਇਕ ਬਿਆਨ ’ਚ ਕਿਹਾ, ‘‘ਮੈਂ ਕੋਵੈਂਟਰੀ ਤੋਂ ਦਖਣੀ ਏਸ਼ੀਆਈ ਔਰਤਾਂ ’ਤੇ ਅਧਾਰਤ 1969 ਦੇ ‘ਰੋਟੀ’ ਅਧਿਐਨ ਦੇ ਸਬੰਧ ’ਚ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਹੈਰਾਨ ਅਤੇ ਚਿੰਤਤ ਹਾਂ। ਮੇਰੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੈ, ਜਿਨ੍ਹਾਂ ’ਤੇ ਇਹ ਪ੍ਰਯੋਗ ਕੀਤਾ ਗਿਆ ਸੀ।’’
1969 ’ਚ ਬਰਤਾਨੀਆਂ ਦੀ ਮੈਡੀਕਲ ਰੀਸਰਚ ਕੌਂਸਲ (ਐਮ.ਆਰ.ਸੀ.) ਵਲੋਂ ਫੰਡ ਕੀਤੇ ਗਏ ਇਕ ਪੋਸ਼ਣ ਸੰਬੰਧੀ ਪ੍ਰਯੋਗ ਦੇ ਹਿੱਸੇ ਵਜੋਂ, ਆਇਰਨ-59 (ਗਾਮਾ-ਬੀਟਾ ਛੱਡਣ ਵਾਲਾ ਇਕ ਆਇਰਨ ਆਈਸੋਟੋਪ) ਵਾਲੀਆਂ ਰੋਟੀਆਂ ਹਰ ਰੋਜ਼ ਸਵੇਰੇ ਉਨ੍ਹਾਂ ਔਰਤਾਂ ਨੂੰ ਵੰਡੀਆਂ ਜਾਂਦੀਆਂ ਸਨ ਜੋ ਕੋਵੈਂਟਰੀ ’ਚ ਪ੍ਰਵਾਸੀ ਵਜੋਂ ਆਈਆਂ ਸਨ।
ਓਵਾਤੇਮੀ ਅਨੁਸਾਰ, ਵਾਰਵਿਕ ਯੂਨੀਵਰਸਿਟੀ ਦੇ ਇਕ ਖੋਜਕਰਤਾ, ਜੋ ਇਨ੍ਹਾਂ ਔਰਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਨੇ ਉਨ੍ਹਾਂ ਨੂੰ ਦਸਿਆ ਕਿ ਪ੍ਰਯੋਗ ’ਚ ਉਨ੍ਹਾਂ ਦੀ ਭਾਗੀਦਾਰੀ ਦੇ ਸਮੇਂ ਨਾ ਤਾਂ ਉਨ੍ਹਾਂ ਦੀ ਸਹਿਮਤੀ ਲਈ ਗਈ ਸੀ ਅਤੇ ਨਾ ਹੀ ਉਨ੍ਹਾਂ ਨੂੰ ਸਹੀ ਜਾਣਕਾਰੀ ਦਿਤੀ ਗਈ ਸੀ।
ਉਸ ਨੇ ਕਿਹਾ, ‘‘ਇਹ ਬਹੁਤ ਭਿਆਨਕ ਗੱਲ ਹੈ, ਅਤੇ ਮੈਂ ਬਹੁਤ ਦੁਖੀ ਹਾਂ ਕਿ ਇੱਥੇ ਕੋਵੈਂਟਰੀ ’ਚ ਔਰਤਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਗ਼ੈਰ ਪ੍ਰਯੋਗਾਂ ਦਾ ਨਿਸ਼ਾਨਾ ਬਣਾਇਆ ਗਿਆ ਹੈ।’’
ਖੋਜਕਰਤਾਵਾਂ ਨੇ ਇਹ ਅਧਿਐਨ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਸ਼ੱਕ ਸੀ ਕਿ ਦਖਣੀ ਏਸ਼ੀਆਈ ਖੁਰਾਕ ਇਨ੍ਹਾਂ ਔਰਤਾਂ ’ਚ ਵਿਆਪਕ ਆਇਰਨ ਦੀ ਕਮੀ ਲਈ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਆਕਸਫੋਰਡਸ਼ਾਇਰ ਸਥਿਤ ਐਟੌਮਿਕ ਐਨਰਜੀ ਰੀਸਰਚ ਅਸਟੇਬਲਿਸ਼ਮੈਂਟ ਲੈ ਜਾਇਆ ਗਿਆ ਜਿੱਥੇ ਰੋਟੀਆਂ ਖਾਣ ਤੋਂ ਬਾਅਦ ਉਨ੍ਹਾਂ ਦੇ ਰੇਡੀਏਸ਼ਨ ਦੇ ਪੱਧਰ ਨੂੰ ਮਾਪਿਆ ਗਿਆ।
ਬੀ.ਬੀ.ਸੀ. ਦੀਆਂ ਰੀਪੋਰਟਾਂ ਅਨੁਸਾਰ, 1995 ਦੇ ਚੈਨਲ 4 ਦਸਤਾਵੇਜ਼ੀ ਫ਼ਿਲਮ ਦੇ ਜਵਾਬ ’ਚ ਇਕ ਜਾਂਚ 1998 ’ਚ ਸ਼ੁਰੂ ਕੀਤੀ ਗਈ ਸੀ ਜਿਸ ’ਚ ਗਰਭਵਤੀ ਔਰਤਾਂ ਸਮੇਤ, ਪ੍ਰਯੋਗਾਂ ਲਈ ਸਹਿਮਤੀ ਦੇਣ ਦੇ ਯੋਗ ਹੋਣ ਬਾਰੇ ਚਿੰਤਾਵਾਂ ਖੜੀਆਂ ਕੀਤੀਆਂ ਗਈਆਂ ਸਨ। ਜਾਂਚ ਰੀਪੋਰਟ ਵਿਚ ਕਿਹਾ ਗਿਆ ਹੈ, ‘‘ਅਧਿਐਨ ਭਾਗੀਦਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੂਚਿਤ ਕਰਨ ਲਈ ਇਕ ਗੰਭੀਰ ਕੋਸ਼ਿਸ਼ ਕੀਤੀ ਗਈ ਸੀ। (ਹਾਲਾਂਕਿ) ਇਹ ਸੰਭਵ ਹੈ ਕਿ ਖੋਜ ਟੀਮ ਦੇ ਵਧੀਆ ਇਰਾਦਿਆਂ ਦੇ ਬਾਵਜੂਦ, ਅਧਿਐਨ ਦੇ ਪੂਰੇ ਵੇਰਵੇ ਸ਼ਾਮਲ ਔਰਤਾਂ ਨੂੰ ਸਮਝ ਨਹੀਂ ਆਏ।’’ ਅਜਿਹਾ ਇਸ ਕਾਰਨ ਹੋ ਸਕਦਾ ਹੈ ਕਿ ਇਨ੍ਹਾਂ ਔਰਤਾਂ ਨੂੰ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ।
ਐਮ.ਆਰ.ਸੀ. ਦੇ ਫ਼ੰਡਾਂ ਰਾਹੀਂ ਕਾਰਡਿਫ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਏਲਵੁੱਡ ਵਲੋਂ ਕਰਵਾਏ ਗਏ ਪ੍ਰਯੋਗ ’ਚ ਲਗਭਗ 21 ਔਰਤਾਂ ਸ਼ਾਮਲ ਸਨ।
ਲੇਬਰ ਸੰਸਦ ਮੈਂਬਰ ਨੇ ਕਿਹਾ, ‘‘ਮੈਂ ਇਸ ਕਾਰਨ ਵੀ ਹੈਰਾਨ ਹਾਂ ਕਿ ਅਜਿਹਾ ਲਗਦਾ ਹੈ ਕਿ ਔਰਤਾਂ ’ਤੇ ਲੰਮੇ ਸਮੇਂ ਦੇ ਡਾਕਟਰੀ ਅਸਰਾਂ ਨੂੰ ਵੇਖਣ ਲਈ ਖੋਜ ਦੇ ਭਾਗੀਦਾਰਾਂ ’ਤੇ ਡਾ. ਏਲਵੁੱਡ ਵਲੋਂ ਕੋਈ ਬੁਰੇ ਅਸਰ ਪੈਣ ਸੰਬੰਧੀ ਅਧਿਐਨ ਨਹੀਂ ਕੀਤਾ ਗਿਆ ਸੀ।’’
ਬੁਧਵਾਰ ਨੂੰ ਪੋਸਟ ਕੀਤੇ ਗਏ ਇਕ ਆਨਲਾਈਨ ਬਿਆਨ ’ਚ, ਐਮ.ਆਰ.ਸੀ. ਨੇ ਕਿਹਾ ਕਿ ਉਹ ‘ਮਾਨਤਾ, ਖੁੱਲ੍ਹੇਪਨ ਅਤੇ ਪਾਰਦਰਸ਼ਤਾ’ ਲਈ ਵਚਨਬੱਧਤਾ ਸਮੇਤ ਉੱਚੇ ਮਿਆਰਾਂ ਲਈ ਵਚਨਬੱਧ ਹੈ। ਐਮ.ਆਰ.ਸੀ. ਨੇ ਕਿਹਾ, ‘‘1995 ’ਚ ਦਸਤਾਵੇਜ਼ੀ ਦੇ ਪ੍ਰਸਾਰਣ ਤੋਂ ਬਾਅਦ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ ਸੀ ਅਤੇ ਉਠਾਏ ਗਏ ਸਵਾਲਾਂ ਦੀ ਜਾਂਚ ਕਰਨ ਲਈ ਉਸ ਸਮੇਂ ਇਕ ਸੁਤੰਤਰ ਜਾਂਚ ਸਥਾਪਤ ਕੀਤੀ ਗਈ ਸੀ।’’
ਓਵਾਤੇਮੀ ਨੇ ਕਿਹਾ ਕਿ ਉਹ ਸਤੰਬਰ ’ਚ ਸੰਸਦ ਦੀ ਵਾਪਸੀ ਦੇ ਨਾਲ ਹੀ ਇਸ ’ਤੇ ਬਹਿਸ ਦੀ ਮੰਗ ਕਰੇਗੀ, ਇਸ ਤੋਂ ਬਾਅਦ ਇਕ ਪੂਰੀ ਕਾਨੂੰਨੀ ਜਾਂਚ ਹੋਵੇਗੀ ਕਿ ਅਜਿਹਾ ਕਿਵੇਂ ਹੋਣ ਦਿਤਾ ਗਿਆ। ਇਸ ਤੋਂ ਇਲਾਵਾ, ਉਹ ਪੁੱਛੇਗੀ ਕਿ ‘ਔਰਤਾਂ ਦੀ ਪਛਾਣ ਕਰਨ ਲਈ ਐਮ.ਆਰ.ਸੀ. ਰੀਪੋਰਟ ਦੀ ਸਿਫ਼ਾਰਸ਼ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ।’