
ਅਨੇਕਾਂ ਵਿਦਵਾਨਾਂ ਦੀਆਂ ਉਦਾਹਰਣਾਂ ਦੇ ਕੇ ਸਾਰੀ ਸਥਿਤੀ ਕੀਤੀ ਸਪੱਸ਼ਟ
ਕੋਟਕਪੂਰਾ : ਪਿਛਲੇ ਦਿਨੀਂ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਅਕਾਲ ਤਖ਼ਤ ਸਾਹਿਬ ਬਾਰੇ ਦਿਤੇ ਬਿਆਨ ਦੇ ਪ੍ਰਤੀਕਰਮ ਵਜੋਂ ਪ੍ਰਵਾਸੀ ਭਾਰਤੀ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਡਾ. ਦਿਲਗੀਰ ਨੂੰ ਉਨ੍ਹਾਂ ਦੀਆਂ ਕਿਤਾਬਾਂ ਦੇ ਆਧਾਰ ’ਤੇ ਘੇਰਨ, ਚੁਨੌਤੀ ਦੇਣ ਅਤੇ 10 ਲੱਖ ਰੁਪਏ ਦਾ ਖ਼ੁਦ ਨੂੰ ਹੱਕਦਾਰ ਦਰਸਾਇਆ ਸੀ ਪਰ ਹੁਣ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈੱ੍ਰਸ ਨੋਟ ਵਿਚ ਸਪੱਸ਼ਟ ਕੀਤਾ ਹੈ ਕਿ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਪਿਛਲੇ 10 ਸਾਲ ਵਿਚ ਸ਼ਾਇਦ ਕੋਈ ਨਵੀਂ ਕਿਤਾਬ ਪੜ੍ਹੀ ਹੀ ਨਹੀਂ, ਮੈਂ ਸਾਲ 1980 ਵਿਚ ਅਕਾਲ ਤਖ਼ਤ ਬਾਰੇ ਪਹਿਲੀ ਕਿਤਾਬ ਲਿਖੀ ਸੀ, ਜਿਸ ਮਗਰੋਂ ਅਕਾਲ ਤਖ਼ਤ ਬਾਰੇ 6 ਹੋਰ ਕਿਤਾਬਾਂ ਲਿਖੀਆਂ ਸਨ, ਜਿਉਂ ਹੀ ਨਵੀ ਸਮੱਗਰੀ ਮਿਲਦੀ ਸੀ, ਮੈਂ ਪੁਰਾਣੀ ਗ਼ਲਤੀ ਸੁਧਾਰ ਦਿੰਦਾ ਸੀ। ਇਹ ਵਿਦਵਾਨ ਖੋਜੀ ਦੀ ਨਿਸ਼ਾਨੀ ਹੈ ਕਿ ਉਹ ਨਵੀਂ ਖੋਜ ਹਾਸਲ ਹੋਣ ਦੇ ਨਾਲ ਪੁਰਾਣੀ ਗ਼ਲਤੀ ਦੀ ਸੋਧ ਕਰ ਦੇਵੇ।
ਡਾ. ਦਿਲਗੀਰ ਨੇ ਵੱਖ ਵੱਖ ਵਿਦਵਾਨਾ ਦੀਆਂ ਉਦਾਹਰਨਾ ਦਿੰਦਿਆਂ ਆਖਿਆ ਕਿ ਕਰਮ ਸਿੰਘ ਹਿਸਟੋਰੀਅਨ ਨੇ ਬੰਦਾ ਸਿੰਘ ਬਹਾਦਰ ’ਤੇ ਪਹਿਲੀ ਕਿਤਾਬ ਲਿਖੀ ਤਾਂ ਉਸ ਵਿਚ ਉਸ ਨੂੰ ਬੇਰਾਗੀ ਸਾਧੂ ਲਿਖਿਆ ਸੀ ਅਤੇ ਕਿਹਾ ਸੀ ਕਿ ਬੰਦੇ ਨੇ ਗੁਰੂ ਜੀ ਤੋਂ ਪਾਹੁਲ ਨਹੀਂ ਲਈ ਸੀ। ਜਦੋਂ ਕਰਮ ਸਿੰਘ ਹਿਸਟੋਰੀਅਨ ਨੂੰ ਨਵਾਂ ਸੋਮਾ ਲੱਭਿਆ ਤਾਂ ਉਸ ਨੇ ਸੁਧਾਰ ਕਰ ਕੇ ਨਵੀ ਕਿਤਾਬ ਲਿਖ ਕੇ ਗ਼ਲਤੀ ਦੀ ਮਾਫ਼ੀ ਮੰਗੀ ਸੀ। ਉਸ ਨੇ ਤਾਂ ਕਈ ਵਾਰ ਕਈ ਗ਼ਲਤੀਆਂ ਸੁਧਾਰ ਕੇ ਮਾਫ਼ੀ ਮੰਗੀ ਸੀ (ਵੇਖੋ: ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ ਦੀ ਭੂਮਿਕਾ)। ਡਾ. ਗੰਡਾ ਸਿੰਘ ਨੇ ਆਪਣੀਆਂ ਕਿਤਾਬਾਂ ਵਿਚ ਘੱਟੋ-ਘੱਟ ਤਿੰਨ ਵਾਰ ਅਜਿਹਾ ਸੁਧਾਰ ਕੀਤਾ ਸੀ। ਮੈਂ ਵੀ ਜਦੋਂ ਅਕਾਲ ਤਖ਼ਤ ਬਾਰੇ ਕਿਤਾਬਾਂ ਲਿਖੀਆਂ ਤਾਂ ਉਸ ਵੇਲੇ ਤੱਕ ਬਹੁਤ ਸਾਰੇ ਇਤਿਹਾਸਕ ਸੋਮੇ ਪ੍ਰਗਟ ਨਹੀਂ ਹੋਏ ਸਨ। ਸਿਰਫ਼ ਅਕਾਲ ਤਖ਼ਤ ਹੀ ਨਹੀਂ ਹੋਰ ਪੰਥਕ ਤੇ ਇਤਿਹਾਸਕ ਨੁਕਤਿਆਂ ਬਾਰੇ ਜਿਉਂ ਹੀ ਨਵੇਂ ਸੋਮੇ ਮਿਲਦੇ ਗਏ, ਮੈਂ ਉਨ੍ਹਾਂ ਦਾ ਸੁਧਾਰ ਕਰਦਾ ਗਿਆ। ਜਦੋਂ ਮੈਂ ‘ਨਵਾਂ ਤੇ ਵੱਡਾ ਮਹਾਨ ਕੋਸ਼’ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਬਹੁਤ ਸਾਰੀ ਨਵੀਂ ਸਮੱਗਰੀ ਮਿਲੀ, ਜਿਸ ਨੇ ਮੈਨੂੰ ਹੈਰਾਨ ਕਰ ਕੇ ਰੱਖ ਦਿਤਾ। ਉਨ੍ਹਾਂ ਵਿਚ ਇਹ ਨੁਕਤਾ ਵੀ ਸੀ ਕਿ ਮੈਂ ਅਤੇ ਸਾਰੇ ਲੇਖਕ ਅਕਾਲ ਤਖ਼ਤ ਬਾਰੇ ਜਿਨ੍ਹਾਂ ਸੋਮਿਆਂ ਨੂੰ ਆਧਾਰ ਬਣਾਈ ਜਾ ਰਹੇ ਸੀ, ਉਹ ਸਾਰੇ 1920 ਤੋਂ ਮਗਰੋਂ ਦੇ ਸਨ। ਮੈਂ ਸਿੱਖ ਇਤਿਹਾਸ ਦੀਆਂ 1920 ਤੋਂ ਪਹਿਲਾਂ ਦੀਆਂ ਸਾਰੀਆਂ ਕਿਤਾਬਾਂ ਖੋਲ੍ਹ ਲਈਆਂ। ਇਨ੍ਹਾਂ ਵਿਚ ਸ਼ਾਮਿਲ ਸਨ: ਸੁਜਾਨ ਰਾਏ ਭੰਡਾਰੀ ‘ਖੁਲਾਸਤੁਤ ਤਵਾਰੀਖ਼’ (1696), ਮਹਿਮਾ ਪ੍ਰਕਾਸ਼ (1776), ਕੋਇਰ ਸਿੰਘ (1751, 1790), ਸੁੱਖਾ ਸਿੰਘ (1797), ਸੁਖਬਾਸੀ ਰਾਏ ਬੇਦੀ (1840), ਵੀਰ ਸਿੰਘ ਬੱਲ (1840), ਰਤਨ ਸਿੰਘ ਭੰਗੂ (1846), ਗਣੇਸ਼ਾ ਸਿੰਘ ਬੇਦੀ (1879), ਰਾਮ ਸੁਖ ਰਾਓ ਕਪੂਰਥਲਾ ਸਟੇਟ ਹਿਸਟੋਰੀਅਨ (1830-40), ਖ਼ੁਸ਼ਵਕਤ ਰਾਏ (1812), ਅਹਿਮਦ ਸ਼ਾਹ ਬਟਾਲੀਆ (1846), ਸੋਹਨ ਲਾਲਾ ਸੂਰੀ ‘ਉਮਦਾ ਤੁਤ ਤਵਾਰੀਖ਼’ (1812 ਤੋਂ 1840), ਬੂਟੇ ਸ਼ਾਹ (1842), ਮੁਹੰਮਦ ਲਤੀਫ਼ (1891), ਕਨਿੰਘਮ (1846), ਠਾਕਰ ਸਿੰਘ, ਤਾਰਾ ਸਿੰਘ ਨਰੋਤਮ ਤੇ ਗਿਆਨੀ ਗਿਆਨ ਸਿੰਘ (ਗੁਰਦੁਆਰੇ ਤੇ ਗੁਰਧਾਮ ਅਤੇ ਅੰਮ੍ਰਿਤਸਰ ਦੀ ਤਵਾਰੀਖ਼), ਮੈਕਾਲਿਫ਼ (1909), ਪ੍ਰੇਮ ਸਿੰਘ ਹੋਤੀ (ਅਕਾਲੀ ਫੂਲ਼ਾ ਸਿੰਘ), ਕਰਮ ਸਿੰਘ ਹਿਸਟੋਰੀਅਨ (ਅੰਮ੍ਰਿਤਸਰ ਦੀ ਤਵਾਰੀਖ਼)। ਪਰ ਕਿਸੇ ਵਿਚ ਵੀ ਅਕਾਲ ਤਖ਼ਤ ਲਫ਼ਜ਼ ਤੀਕ ਮੌਜੂਦ ਨਹੀਂ ਸੀ। ਫਿਰ ਮੈਂ ਲੱਭ ਲਿਆ ਕਿ ਇਹ ਸਾਜ਼ਸ਼ ਦਰਬਾਰ ਸਾਹਿਬ ਦੇ ਨਿਰਮਲੇ ਪੁਜਾਰੀਆਂ ਗੁਰਮੁਖ ਸਿੰਘ ਤੇ ਦਰਬਾਰਾ ਸਿੰਘ ਅਤੇ ਨਿਰਮਲੇ ਕਵੀ ਸੰਤੋਖ ਸਿੰਘ ਦੀ ਸੀ, ਜਿਨ੍ਹਾਂ ਨੇ ‘ਵਿਸ਼ਨੂ ਦਾ ਤਖ਼ਤ’ ਕਹਿ ਕੇ ਅਕਾਲ ਤਖ਼ਤ ਲਫ਼ਜ਼ ਘੜਿਆ ਸੀ। ਇਸ ਕਰ ਕੇ ਮੈਂ ਚੈਲੰਜ ਕੀਤਾ ਸੀ ਕਿ ਸਨ 1920 ਤੋਂ ਪਹਿਲਾਂ ਦੀ ਕੋਈ ਇਕ ਕਿਤਾਬ ਦਿਖਾ ਦਿਉ, ਜਿਸ ਵਿਚ ਅਕਾਲ ਤਖ਼ਤ ਲਫ਼ਜ਼ ਵੀ ਆਇਆ ਹੋਵੇ। ਉਨ੍ਹਾਂ ਸਰਬਜੀਤ ਸਿੰਘ ਸੈਕਰਾਮੈਂਟੋ ਤੋਂ ਸਬੂਤ ਮੰਗਦਿਆਂ ਆਖਿਆ ਕਿ ਉਨ੍ਹਾਂ ਕੋਲ ਅਜੇ ਵੀ 10 ਲੱਖ ਰੁਪਏ ਦਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ ਹੈ।