
ਪਿਛਲੇ ਸਾਲ 19 ਦਸੰਬਰ ਨੂੰ ਗੋਲੀ ਮਾਰਨ ਮਗਰੋਂ ਨਿਸ਼ਾਨ ਥਿੰਦ (18) ਨੂੰ ਹਸਪਤਾਲ ਸਾਹਮਣੇ ਸੁੱਟ ਦਿਤਾ ਗਿਆ ਸੀ
ਓਟਾਵਾ: ਕੈਨੇਡਾ ਦੇ ਇਕ ਸ਼ਹਿਰ ’ਚ ਅਪਣੇ ਹਮਵਤਨ ਦਾ ਕਤਲ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦੇ ਇਕ ਨੌਜੁਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਗੋਲੀ ਚਲਾਉਣ ਵਾਲਾ ਇਕ ਨਾਬਾਲਗ ਅਜੇ ਤਕ ਫਰਾਰ ਹੈ। ਪੁਲਿਸ ਜਾਂਚ ’ਚ ਮਦਦ ਲਈ ਵਧੇਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਵੀਡੀਉ ਫੁਟੇਜ ਸਕੈਨ ਕਰ ਰਹੀ ਹੈ।
ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਦੇ ਰਹਿਣ ਵਾਲੇ ਨਿਸ਼ਾਨ ਥਿੰਦ (18) ਨੂੰ ਪਿਛਲੇ ਸਾਲ 19 ਦਸੰਬਰ ਨੂੰ ਸਥਾਨਕ ਹਸਪਤਾਲ ਸਾਹਮਣੇ ਸੁਟ ਦਿਤਾ ਗਿਆ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪੀਲ ਖੇਤਰੀ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਥਿੰਦ ਨੂੰ ਕਿਸੇ ਅਣਪਛਾਤੇ ਸਥਾਨ ’ਤੇ ਗੋਲੀ ਮਾਰ ਦਿਤੀ ਗਈ ਅਤੇ ਬਾਅਦ ’ਚ ਉਸ ਨੂੰ ਹਸਪਤਾਲ ’ਚ ਛੱਡ ਦਿਤਾ ਗਿਆ। ਥਿੰਦ ਦੀ ਮੌਤ ਤੋਂ ਬਾਅਦ ਪੀਲ ਰੀਜਨਲ ਪੁਲਿਸ ਦੇ ਹੋਮਿਸਾਈਡ ਬਿਊਰੋ ਦੇ ਕਰਮਚਾਰੀਆਂ ਨੇ 9 ਜਨਵਰੀ ਨੂੰ ਬਰੈਂਪਟਨ ਦੇ ਇਕ ਘਰ ’ਤੇ ਛਾਪਾ ਮਾਰਿਆ ਅਤੇ ਬਾਅਦ ਵਿਚ 18 ਸਾਲ ਦੇ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਕਿਹਾ ਕਿ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਉਸ ਵਿਰੁਧ ਅਪਰਾਧ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਰੈਂਪਟਨ ’ਚ ਓਂਟਾਰੀਓ ਕੋਰਟ ਆਫ ਜਸਟਿਸ ’ਚ ਪੇਸ਼ ਹੋਣ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲਿਆ ਸੀ। ਪੁਲਿਸ ਅਨੁਸਾਰ ਗੋਲੀ ਚਲਾਉਣ ਵਾਲਾ ਬਰੈਂਪਟਨ ਦਾ ਰਹਿਣ ਵਾਲਾ 16 ਸਾਲ ਦਾ ਮੁੰਡਾ ਹੈ ਅਤੇ ਕਤਲ ਦੇ ਦੋਸ਼ ’ਚ ਕੈਨੇਡਾ ’ਚ ਲੋੜੀਂਦਾ ਹੈ। ਕੈਨੇਡਾ ਦੇ ਕਾਨੂੰਨ ਅਨੁਸਾਰ ਉਸ ਦੀ ਪਛਾਣ ਗੁਪਤ ਰੱਖੀ ਗਈ ਹੈ। ਕਤਲ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।