
ਜੀ.ਈ. ਏਰੋਸਪੇਸ ਇੰਜੀਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਡੀ.ਸੀ. ਸਥਿਤ ਸਲਾਹਕਾਰ ਅਸਰਾ ਹੁਸੈਨ ਰਜ਼ਾ ਅਮਰੀਕੀ ਏਅਰਲਾਈਨਜ਼ ਦੀ ਉਡਾਣ 5342 ਵਿਚ ਸਵਾਰ ਸਨ
ਵਾਸ਼ਿੰਗਟਨ : ਵਾਸ਼ਿੰਗਟਨ ਦੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ’ਤੇ ਫੌਜ ਦੇ ਹੈਲੀਕਾਪਟਰ ਅਤੇ ਜੈੱਟਲਾਈਨਰ ਵਿਚਾਲੇ ਹੋਈ ਟੱਕਰ ’ਚ ਮਾਰੇ ਗਏ 67 ਲੋਕਾਂ ’ਚ ਭਾਰਤੀ ਮੂਲ ਦੇ ਘੱਟੋ-ਘੱਟ ਦੋ ਲੋਕ ਵੀ ਸ਼ਾਮਲ ਸਨ। ਜੀ.ਈ. ਏਰੋਸਪੇਸ ਇੰਜੀਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਡੀ.ਸੀ. ਸਥਿਤ ਸਲਾਹਕਾਰ ਆਸਰਾ ਹੁਸੈਨ ਰਜ਼ਾ ਅਮਰੀਕੀ ਏਅਰਲਾਈਨਜ਼ ਦੀ ਉਡਾਣ 5342 ਵਿਚ ਸਵਾਰ ਸਨ, ਜੋ ਬੁਧਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਪਹੁੰਚਣ ’ਤੇ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਈ ਸੀ।
ਗ੍ਰੇਟਰ ਸਿਨਸਿਨਾਟੀ ਦੇ ਰਹਿਣ ਵਾਲੇ ਪਟੇਲ ਨੇ ਹਾਲ ਹੀ ’ਚ ਕੰਪਨੀ ’ਚ ਨੌਕਰੀ ਬਦਲੀ ਸੀ ਅਤੇ ਉਹ ਐਮ.ਆਰ.ਓ. ਟ੍ਰਾਂਸਫਾਰਮੇਸ਼ਨ ਲੀਡਰ ਸਨ, ਜਿਨ੍ਹਾਂ ਨੇ ਦੇਸ਼ ਭਰ ਦੀ ਯਾਤਰਾ ਕੀਤੀ ਸੀ। ਫਾਕਸ19 ਨੂੰ ਦਿਤੇ ਇਕ ਬਿਆਨ ਵਿਚ ਜੀ.ਈ. ਏਰੋਸਪੇਸ ਦੇ ਚੇਅਰਮੈਨ ਅਤੇ ਸੀ.ਈ.ਓ. ਲੈਰੀ ਕਲਪ ਨੇ ਵੀਰਵਾਰ ਰਾਤ ਨੂੰ ਕਰਮਚਾਰੀ ਦੀ ਪਛਾਣ ਪਟੇਲ ਵਜੋਂ ਕੀਤੀ।
ਕਲਪ ਨੇ ਕਿਹਾ, ‘‘ਇਹ ਨਾ ਸਿਰਫ ਸਾਡੇ ਉਦਯੋਗ ਲਈ, ਬਲਕਿ ਜੀਈ ਏਰੋਸਪੇਸ ਟੀਮ ਲਈ ਵੀ ਦੁਖਾਂਤ ਹੈ ਕਿਉਂਕਿ ਸਾਡੇ ਇਕ ਪਿਆਰੇ ਸਾਥੀ ਵਿਕੇਸ਼ ਪਟੇਲ ਜਹਾਜ਼ ਵਿਚ ਸਵਾਰ ਸਨ।’’ ਸਾਡਾ ਦਿਲ ਉਨ੍ਹਾਂ ਦੇ ਪਰਵਾਰ ਅਤੇ ਇਸ ਭਿਆਨਕ ਹਾਦਸੇ ਨਾਲ ਪ੍ਰਭਾਵਤ ਸਾਰੇ ਲੋਕਾਂ ਨਾਲ ਹੈ। ਉਸ ਨੇ ਜੀ.ਈ. ਏਰੋਸਪੇਸ ਲਈ ਕਈ ਭੂਮਿਕਾਵਾਂ ’ਚ ਇਕ ਦਹਾਕੇ ਤੋਂ ਵੱਧ ਸਮੇਂ ਲਈ ਕੰਮ ਕੀਤਾ, ਜਿਸ ’ਚ ਇੰਜਣ ਅਸੈਂਬਲੀ ਇੰਜੀਨੀਅਰ, ਪ੍ਰੋਡਕਸ਼ਨ ਪਲਾਨਰ, ਸੀਨੀਅਰ ਓਪਰੇਸ਼ਨ ਮੈਨੇਜਰ, ਲੀਨ ਟ੍ਰਾਂਸਫਾਰਮੇਸ਼ਨ ਕੋਚ ਅਤੇ ਹਾਲ ਹੀ ’ਚ ਸਾਈਟ ਲੀਡਰ ਸ਼ਾਮਲ ਹਨ।
ਇਹ ਟੱਕਰ 2001 ਤੋਂ ਬਾਅਦ ਅਮਰੀਕਾ ’ਚ ਸੱਭ ਤੋਂ ਘਾਤਕ ਹਵਾਬਾਜ਼ੀ ਹਾਦਸਾ ਹੈ।
26 ਸਾਲ ਦੀ ਰਜ਼ਾ ਦੇ ਸਹੁਰੇ ਡਾਕਟਰ ਹਾਸ਼ਿਮ ਰਜ਼ਾ ਨੇ ਸੀ.ਐਨ.ਐਨ. ਨੂੰ ਦਸਿਆ ਕਿ ਭਾਰਤੀ ਪ੍ਰਵਾਸੀਆਂ ਦੀ ਧੀ ਰਜ਼ਾ ਨੇ ਇੰਡੀਆਨਾ ਯੂਨੀਵਰਸਿਟੀ ਤੋਂ 2020 ’ਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਸੀ ਅਤੇ ਅਗੱਸਤ 2023 ’ਚ ਅਪਣੇ ਕਾਲਜ ਦੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਰਜ਼ਾ ਦੇ ਸਹੁਰੇ ਨੇ ਦਸਿਆ ਕਿ ਰਜ਼ਾ ਵਾਸ਼ਿੰਗਟਨ ਡੀ.ਸੀ. ਸਥਿਤ ਸਲਾਹਕਾਰ ਸੀ ਅਤੇ ਮਹੀਨੇ ਵਿਚ ਦੋ ਵਾਰ ਵਿਚਿਟਾ ਵਿਚ ਇਕ ਹਸਪਤਾਲ ਲਈ ਇਕ ਪ੍ਰਾਜੈਕਟ ’ਤੇ ਕੰਮ ਕਰਨ ਲਈ ਜਾਂਦੀ ਸੀ।