
ਅਮਰੀਕਾ ਤੇ ਕਿਊਬਾ ਵਰਗੇ ਮੁਲਕਾਂ ਨੂੰ ਪਛਾੜ 44ਵੇਂ ਸਥਾਨ ਤੋਂ ਪਹੁੰਚਿਆ ਤੀਜੇ 'ਤੇ
ਨਵੀਂ ਦਿੱਲੀ - ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਭਾਰਤੀ ਮੁੱਕੇਬਾਜ਼ਾਂ ਨੇ 36,300 ਰੈਂਕਿੰਗ ਅੰਕ ਇਕੱਠੇ ਕੀਤੇ, ਜਿਸ ਨਾਲ ਭਾਰਤ ਨੇ ਅਮਰੀਕਾ ਅਤੇ ਕਿਊਬਾ ਵਰਗੇ ਚੋਟੀ ਦੇ ਮੁੱਕੇਬਾਜ਼ੀ 'ਪਾਵਰਹਾਊਸਾਂ' ਨੂੰ ਪਿੱਛੇ ਛੱਡ ਦਿੱਤਾ, ਜੋ ਇਸ ਸਮੇਂ ਦਰਜਾਬੰਦੀ ਵਿੱਚ ਕ੍ਰਮਵਾਰ ਚੌਥੇ ਅਤੇ ਨੌਵੇਂ ਸਥਾਨ 'ਤੇ ਹਨ।
ਕਜ਼ਾਕਿਸਤਾਨ (48,100) ਚੋਟੀ ਦੀ ਰੈਂਕਿੰਗ 'ਤੇ ਕਾਬਜ਼ ਦੇਸ਼ ਹੈ, ਅਤੇ ਉਸ ਤੋਂ ਬਾਅਦ ਉਜ਼ਬੇਕਿਸਤਾਨ (37,600) ਹੈ।
ਭਾਰਤੀ ਮੁੱਕੇਬਾਜ਼ੀ ਨੇ ਹਾਲ ਹੀ ਦੇ ਸਾਲਾਂ ਵਿੱਚ ਅਸਾਧਾਰਣ ਵਾਧਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤ ਦੀਆਂ ਟੀਮਾਂ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਰਹੀਆਂ।
ਪਿਛਲੀਆਂ ਦੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ 16 ਤਮਗੇ ਜਿੱਤੇ। 2008 ਤੋਂ ਲੈ ਕੇ, ਉਨ੍ਹਾਂ ਨੇ ਚੋਟੀ ਦੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ 140 ਤਗਮੇ ਹਾਸਲ ਕੀਤੇ।
ਉੱਥੇ ਹੀ 2016 ਤੋਂ, ਭਾਰਤੀ ਮੁੱਕੇਬਾਜ਼ਾਂ ਨੇ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਰਗਾਂ ਵਿੱਚ 16 ਵੱਡੇ ਵਿਸ਼ਵ ਚੈਂਪੀਅਨਸ਼ਿਪ ਤਗਮੇ ਜਿੱਤੇ ਹਨ।
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀ.ਐਫ਼.ਆਈ.) ਨੇ ਦੇਸ਼ ਵਿੱਚ ਕਈ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ, ਅਤੇ ਹੁਣ 15 ਤੋਂ 26 ਮਾਰਚ ਤੱਕ ਦੇਸ਼ ਵਿੱਚ ਤੀਜੀ ਵਾਰ ਵੱਕਾਰੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ।
ਦੇਸ਼ ਵਿੱਚ ਇਸ ਖੇਡ ਦਾ ਭਵਿੱਖ ਸੁਨਹਿਰਾ ਹੈ ਜਿਸ ਦਾ ਅੰਦਾਜ਼ਾ ਪਿਛਲੀਆਂ ਦੋ ਯੁਵਾ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਜੂਨੀਅਰ ਅਤੇ ਯੁਵਾ ਪੱਧਰ ਦੇ ਕੁੱਲ 22 ਤਮਗਿਆਂ ਤੋਂ ਲਗਾਇਆ ਜਾ ਸਕਦਾ ਹੈ।
ਬੀ.ਐਫ਼.ਆਈ. ਦੇ ਪ੍ਰਧਾਨ ਅਜੈ ਸਿੰਘ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, "ਇਹ ਭਾਰਤ, ਬੀ.ਐਫ਼.ਆਈ. ਅਤੇ ਸਾਰੇ ਖੇਡ ਪ੍ਰੇਮੀਆਂ ਲਈ ਇੱਕ 'ਮੀਲ ਪੱਥਰ' ਵਾਲਾ ਪਲ ਹੈ। ਭਾਰਤੀ ਮੁੱਕੇਬਾਜ਼ੀ ਨੇ ਪਿਛਲੇ ਕੁਝ ਸਾਲਾਂ ਵਿੱਚ 44ਵੇਂ ਸਥਾਨ ਤੋਂ ਤੀਜੇ ਸਥਾਨ 'ਤੇ ਵੱਡੀ ਛਾਲ ਮਾਰੀ ਹੈ।"