
ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਅਪਣੀ ਇੱਜ਼ਤ ਮੁੜ ਕਾਇਮ ਕਰਨ 'ਚ ਲੱਗੀ ਹੋਈ ਕ੍ਰਿਕਟ ਆਸਟ੍ਰੇਲੀਆ ਨੇ ਆਖ਼ਰਕਾਰ ਅਪਣੀ ਟੀਮ ਦੇ ਕੋਚ ਦਾ ਫ਼ੈਸਲਾ ਕਰ ਹੀ ਲਿਆ ਹੈ...
ਨਵੀਂ ਦਿੱਲੀ, 3 ਮਈ : ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਅਪਣੀ ਇੱਜ਼ਤ ਮੁੜ ਕਾਇਮ ਕਰਨ 'ਚ ਲੱਗੀ ਹੋਈ ਕ੍ਰਿਕਟ ਆਸਟ੍ਰੇਲੀਆ ਨੇ ਆਖ਼ਰਕਾਰ ਅਪਣੀ ਟੀਮ ਦੇ ਕੋਚ ਦਾ ਫ਼ੈਸਲਾ ਕਰ ਹੀ ਲਿਆ ਹੈ। ਹੁਣ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਨਵੇਂ ਕੋਚ ਜਸਟਿਨ ਲੈਂਗਰ ਹੋਣਗੇ। ਇਸ ਵਿਵਾਦ 'ਚ ਕੋਈ ਭੂਮਿਕਾ ਨਾ ਹੋਣ ਦੇ ਬਾਵਜੂਦ ਸਾਬਕਾ ਕੋਚ ਡੈਰੇਨ ਲੇਹਮਨ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
Justin Langer
ਲੈਂਗਰ ਨੂੰ ਆਸਟ੍ਰੇਲੀਆ ਟੀਮ ਨੂੰ ਜੂਨ 'ਚ ਹੀ ਇੰਗਲੈਂਡ ਦੌਰੇ 'ਤੇ ਲਿਜਾਣਾ ਹੈ। ਬਾਲ ਟੈਂਪਰਿੰਗ ਵਿਵਾਦ ਤੋਂ ਬਾਅਦ ਇਸ ਸਮੇਂ ਟੀਮ ਦਾ ਆਤਮ-ਵਿਸ਼ਵਾਸ ਸੱਭ ਤੋਂ ਘੱਟ ਹੈ। ਇਸ ਸਾਲ ਮਾਰਚ 'ਚ ਦੱਖਣੀ ਅਫ਼ਰੀਕਾ 'ਚ ਹੋਏ ਬਾਲ ਟੈਂਪਰਿੰਗ ਵਿਵਾਦ 'ਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨਾਲ ਡੇਵਿਡ ਵਾਰਨਰ ਅਤੇ ਕੈਮਰੂਨ ਬੈਂਕ੍ਰਾਫ਼ਟ ਨੂੰ ਟੀਮ ਤੋਂ ਹਟਾ ਦਿਤਾ ਗਿਆ ਸੀ।
Justin Langer
ਇਸ ਮਾਮਲੇ 'ਚ ਕ੍ਰਿਕਟ ਆਸਟ੍ਰੇਲੀਆ ਨੇ ਜਿੱਥੇ ਸਮਿਥ ਅਤੇ ਵਾਰਨਰ 'ਤੇ ਇਕ ਸਾਲ ਦੀ ਰੋਕ ਲਗਾਈ ਸੀ, ਉਥੇ ਹੀ ਕੈਮਰੂਨ ਬੈਂਕ੍ਰਾਫ਼ਟ 'ਤੇ ਸਿਰਫ਼ ਨੌਂ ਮਹੀਨੇ ਦੀ ਰੋਕ ਲਗਾਇਆ ਗਿਆ ਸੀ। ਇਸ ਵਿਵਾਦ ਕਾਰਨ ਪੂਰੀ ਦੁਨੀਆ 'ਚ ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਾਫ਼ੀ ਬਦਨਾਮੀ ਹੋਈ ਸੀ। ਲੈਂਗਰ ਅਜਿਹੇ ਸਮੇਂ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਕੋਚ ਬਣੇ ਹਨ, ਜਦੋਂ ਉਸ ਦੇ ਦੇਸ਼ 'ਚ ਕ੍ਰਿਕਟ ਨੂੰ ਸਮਰਥਨ ਨਹੀਂ ਮਿਲ ਰਿਹਾ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਅਪਣੀ ਟੀਮ ਤੋਂ ਖ਼ਾਸ ਨਰਾਜ ਹਨ।