
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਜੇ ਨੰਬਰ ’ਤੇ ਅਤੇ ਕਰਨਾਟਕ ਦੀ ਜੈਨ ਯੂਨੀਵਰਸਿਟੀ ਤੀਜੇ ਨੰਬਰ ’ਤੇ ਰਹੀ
ਲਖਨਊ, 3 ਜੂਨ: ਪੰਜਾਬ ਯੂਨੀਵਰਸਿਟੀ ਨੇ ਇਕ ਸੈਸ਼ਨ ਦੇ ਵਕਫ਼ੇ ਤੋਂ ਬਾਅਦ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਅਪਣਾ ਓਵਰਆਲ ਚੈਂਪੀਅਨ ਦਾ ਖ਼ਿਤਾਬ ਹਾਸਲ ਕੀਤਾ ਹੈ।
ਦੂਜੇ ਪਾਸੇ ਆਖ਼ਰੀ ਦਿਨ ਤਲਵਾਰਬਾਜ਼ੀ ’ਚ ਕਲੀਨ ਸਵੀਪ ਕਰਨ ਦੇ ਬਾਵਜੂਦ ਅਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿਛੜ ਗਈ।
ਰਾਸ਼ਟਰੀ ਖੇਡਾਂ ਦੇ ਚੈਂਪਅਨ ਯਸ਼ ਘੰਗਾਸ ਆਖ਼ਰੀ ਦਿਨ ਖਿੱਚ ਦਾ ਕੇਂਦਰ ਬਣੇ ਰਹੇ ਜਿਨ੍ਹਾਂ ਨੇ ਜੂਡੋ ’ਚ ਮੁੰਡਿਆਂ ਲਈ 100 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ ’ਚ ਚੌਧਰੀ ਬੰਸੀਲਾਲ ਯੂਨੀਵਰਸਿਟੀ ਲਈ ਸੋਨ ਤਮਗਾ ਜਿੱਤਿਆ।
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ ਕੁਲ 69 ਤਮਗੇ ਅਪਣੀ ਝੋਲੀ ਪਾਏ, ਜਿਨ੍ਹਾਂ ’ਚ 26 ਸੋਨੇ ਦੇ, 17 ਚਾਂਦੀ ਦੇ ਅਤੇ 26 ਕਾਂਸੀ ਦੇ ਤਮਗੇ ਸ਼ਾਮਲ ਰਹੇ।
ਗੁਰੂ ਨਾਨਕ ਦੇਵ ਯੂਨੀਵਰਸਿੀ 24 ਸੋਨੇ ਦੇ, 27 ਚਾਂਦੀ ਦੇ ਅਤੇ 17 ਕਾਂਸੀ ਦੇ ਤਮਗੇ ਜਿੱਤ ਕੇ ਦੂਜੇ ਨੰਬਰ ’ਤੇ ਰਹੀ ਅਤੇ ਉਸ ਨੇ ਪਹਿਲੀ ਵਾਰੀ ਸਿਖਰਲੇ ਤਿੰਨ ’ਚ ਥਾਂ ਬਣਾਈ।
ਪਿਛਲੀ ਵਾਰੀ ਦੀ ਚੈਂਪੀਅਨ ਕਰਨਾਟਕ ਦੀ ਜੈਨ ਯੂਨੀਵਰਸਿਟੀ 16 ਸੋਨੇ ਦੇ, 10 ਚਾਂਦੀ ਦੇ ਅਤੇ ਛੇ ਕਾਂਸੀ ਦੇ ਤਮਗੇ ਜਿੱਤ ਕੇ ਤੀਜੇ ਨੰਬਰ ’ਤੇ ਰਹੀ।
ਮੁਕਾਬਲੇ ’ਚ 203 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਅਤੇ 131 ਨੇ ਖੇਡਾਂ ’ਚ ਤਮਗੇ ਜਿੱਤੇ। ਖੇਡਾਂ ਨੂੰ ਉੱਤਰ ਪ੍ਰਦੇਸ਼ ਦੇ ਚਾਰ ਸ਼ਹਿਰਾਂ ਲਖਨਊ, ਵਾਰਾਣਸੀ, ਗੋਰਖਪੁਰ ਅਤੇ ਗੌਤਮਬੁੱਧ ਨਗਰ ਦੀਆਂ 9 ਥਾਵਾਂ ’ਚ ਕਰਵਾਇਆ ਗਿਆ।