
Rameshbabu Praggnanandhaa: ਪ੍ਰਗਿਆਨਨੰਦਾ 8.5 ਅੰਕਾਂ ਨਾਲ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਤੋਂ ਬਾਅਦ ਤੀਜੇ ਸਥਾਨ ’ਤੇ ਹਨ
Rameshbabu Praggnanandhaa defeated Caruana: ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨਨੰਦਾ ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ਦੇ ਪੰਜਵੇਂ ਗੇੜ ’ਚ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਵਿਸ਼ਵ ਰੈਂਕਿੰਗ ’ਚ ਚੋਟੀ ਦੇ 10 ’ਚ ਪਹੁੰਚ ਗਏ ਹਨ। ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਨਾਰਵੇ ਦੇ ਮੈਗਨਸ ਕਾਰਲਸਨ ’ਤੇ ਇਕ ਅੰਕ ਦੀ ਲੀਡ ਨੂੰ ਵਧਾਉਂਦੇ ਹੋਏ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। ਨਾਕਾਮੁਰਾ ਦੇ 10 ਅੰਕ ਹਨ।
ਕਾਰਲਸਨ ਨੇ ਫਰਾਂਸ ਦੇ ਫਿਰੂਜਾ ਅਲੀਰੇਜ਼ਾ ਨੂੰ ਹਰਾਇਆ। ਪ੍ਰਗਿਆਨਨੰਦਾ 8.5 ਅੰਕਾਂ ਨਾਲ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਤੋਂ ਬਾਅਦ ਤੀਜੇ ਸਥਾਨ ’ਤੇ ਹਨ। ਅਲੀਰੇਜ਼ਾ ਦੇ 6.5 ਅੰਕ ਹਨ ਅਤੇ ਉਹ ਚੌਥੇ ਸਥਾਨ ’ਤੇ ਹੈ। ਕਾਰੂਆਨਾ ਪੰਜ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਜਦਕਿ ਡਿੰਗ ਲਿਰੇਨ ਦੀ ਖਰਾਬ ਫਾਰਮ ਜਾਰੀ ਹੈ। ਉਨ੍ਹਾਂ ਦੇ ਸਿਰਫ 2.5 ਅੰਕ ਹਨ। ਮਹਿਲਾ ਵਰਗ ’ਚ ਆਰ. ਵੈਸ਼ਾਲੀ ਨੇ ਅਪਣਾ ਸੁਪਨਈ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਰਮਾਗੇਡਨ ਗੇਮ ’ਚ ਚੀਨ ਦੀ ਤਿੰਗਕੀ ਲੇਈ ਨੂੰ ਹਰਾ ਕੇ ਉਸ ਦੇ 10 ਅੰਕ ਹੋ ਗਏ। ਵੈਸ਼ਾਲੀ ਤੋਂ ਬਾਅਦ ਅੰਨਾ ਮੁਜ਼ੀਚੁਕ ਦਾ ਨੰਬਰ ਆਉਂਦਾ ਹੈ ਜਿਸ ਦੇ ਨੌਂ ਅੰਕ ਹਨ।
ਉਸ ਨੇ ਪੰਜਵੇਂ ਗੇੜ ’ਚ ਸਵੀਡਨ ਦੀ ਪਿਆ ਕ੍ਰੈਮਲਿੰਗ ਨੂੰ ਹਰਾਇਆ। ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜੂ ਨੇ ਆਰਮਾਗੇਡਨ ’ਚ ਭਾਰਤ ਦੀ ਕੋਨੇਰੂ ਹੰਪੀ ਨੂੰ ਹਰਾਇਆ। ਉਹ 7.5 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਲੇਈ ਛੇ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਹ ਹੰਪੀ ਤੋਂ ਦੋ ਅੰਕ ਅੱਗੇ ਹੈ। ਕ੍ਰੈਮਲਿੰਗ ਦੇ ਸਿਰਫ ਤਿੰਨ ਅੰਕ ਹਨ ਅਤੇ ਉਹ ਟੇਬਲ ’ਚ ਸੱਭ ਤੋਂ ਹੇਠਾਂ ਹੈ। ਪ੍ਰਗਿਆਨਨੰਦਾ ਅਤੇ ਕਾਰੂਆਨਾ ਨੇ ਸ਼ੁਰੂ ’ਚ ਇਕ ਪਿਆਦੇ ਦੀ ਅਦਲਾ-ਬਦਲੀ ਵੇਖੀ। ਪ੍ਰਗਿਆਨਨੰਦਾ ਨੇ ਅਮਰੀਕੀ ਖਿਡਾਰੀ ਨੂੰ ਰੁੱਝੇ ਰੱਖਿਆ। ਕਾਰੂਆਨਾ ਨੇ 66ਵੇਂ ਮੂਵ ’ਚ ਗਲਤੀ ਕੀਤੀ, ਜਿਸ ਦਾ ਪ੍ਰਗਿਆਨਨੰਦਾ ਨੇ ਪੂਰਾ ਫਾਇਦਾ ਉਠਾਇਆ ਅਤੇ 11 ਚਾਲਾਂ ਤੋਂ ਬਾਅਦ ਜਿੱਤ ਹਾਸਲ ਕੀਤੀ। (ਪੀਟੀਆਈ)